ਚੰਡੀਗੜ੍ਹ: ਕੋਰੋਨਾ ਲੌਕਡਾਊਨ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਪਹਿਲਾ ਇੱਕ ਰੋਜ਼ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਕੈਪਟਨ ਸਰਕਾਰ ਨੂੰ ਘੇਰ ਰਹੀਆਂ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਵਿਰੋਧੀ ਧਿਰਾਂ ਨੂੰ ਜਵਾਬ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਨਾਜ਼ੁਕ ਦੌਰ 'ਚੋਂ ਲੰਘ ਰਿਹਾ ਹੈ, ਪਰ ਵਿਰੋਧੀ ਧਿਰਾਂ ਵਲੋਂ ਅਜਿਹੇ ਸਮੇਂ 'ਚ ਵੀ ਗੰਦੀ ਰਾਜਨੀਤੀ ਜਾਰੀ ਹੈ। ਉਨ੍ਹਾਂ ਕਿਹਾ ਕਿ  ਉਨ੍ਹਾਂ ਦੀ ਸਰਕਾਰ ਵੱਲੋਂ ਬੁਲਾਇਆ ਗਿਆ ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ਸੰਵਿਧਾਨਕ ਜ਼ਰੂਰਤ ਹੈ।

ਅਕਾਲੀ ਦਲ ਦੇ ਦੋਸ਼ਾਂ ਦਾ ਜੁਆਬ ਦਿੰਦਿਆਂ ਕੈਪਟਨ ਨੇ ਕਿਹਾ ਲੋਕਾਂ ਨਾਲ ਕੋਝਾ ਮਜ਼ਾਕ ਉਨ੍ਹਾਂ ਦੀ ਸਰਕਾਰ ਵਲੋਂ ਨਹੀਂ, ਬਲਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਨੇ ਕੀਤਾ। ਕੈਪਟਨ ਨੇ ਦੱਸਿਆ ਕਿ ਰਿਕਾਰਡ ਦੱਸਦੇ ਹਨ ਕਿ ਸੁਖਬੀਰ ਬਾਦਲ ਨੇ ਸਦਨ ਅਤੇ ਇਸ ਦੇ ਸੈਸ਼ਨਾਂ ਨੂੰ ਕਿੰਨੀ ਘੱਟ ਅਹਿਮੀਅਤ ਦਿੱਤੀ। ਸੁਖਬੀਰ ਬਾਦਲ ਮਾਰਚ 2017 ਤੋਂ ਮਈ 2019 ਤੱਕ ਵਿਧਾਇਕ ਸੀ, ਪਰ ਉਹ ਸੈਸ਼ਨ ਦੇ 40 ਦਿਨਾਂ ਵਿੱਚੋਂ ਸਿਰਫ 16 ਦਿਨਾਂ ਲਈ ਸਦਨ ਵਿੱਚ ਸ਼ਾਮਲ ਹੋਏ।


ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਦੀ ਪ੍ਰਤੀਕ੍ਰਿਆ ‘ਤੇ ਹੈਰਾਨੀ ਜ਼ਾਹਰ ਕਰਦਿਆਂ ਇਸ ਨੂੰ ਸਿਰਫ ਹਾਸੋਹੀਣਾ ਨਹੀਂ ਬਲਕਿ ਰਾਜ ਦੀਆਂ ਦੋ ਵਿਰੋਧੀ ਪਾਰਟੀਆਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਚਿੰਤਾ ਪ੍ਰਗਟਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ 'ਤੇ ਤੁਲੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਕੋਲ ਲੋਕਾਂ ਨੂੰ ਦਿਖਾਉਣ ਲਈ ਕੋਈ ਸਾਰਥਕ ਮੁੱਦਾ ਨਹੀਂ ਹੈ ਅਤੇ ਇਸ ਤਰ੍ਹਾਂ ਮਹਾਂਮਾਰੀ ਦਾ ਵਿਰੋਧ ਕਰਨ ਲਈ ਸਹਾਰਾ ਲਿਆ ਜਾ ਰਿਹਾ ਹੈ।