ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਤੇ ਆਮ ਆਦਮੀ ਪਾਰਟੀ `ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਆਪ ਦੋਗਲੀ ਸਿਆਸਤ ਕਰ ਰਹੀ ਹੈ।
ਇਸ ਦੇ ਨਾਲ ਹੀ ਵੜਿੰਗ ਨੇ ਵਿਜੇ ਸਿੰਗਲਾ ਦੀ ਜ਼ਮਾਨਤ `ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਵਿਜੇ ਸਿੰਗਲਾ ਨੂੰ ਬਿਨਾਂ ਕਿਸੇ ਰਿਕਵਰੀ ਦੇ ਭ੍ਰਿਸ਼ਟਾਚਾਰੀ ਦਸਿਆ ਗਿਆ।
ਦੂਜੇ ਪਾਸੇ ਵੜਿੰਗ ਬੀਜੇਪੀ ਤੇ ਵੀ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਭਾਜਪਾ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਜਿਹੜੇ ਵੀ ਲੋਕ ਦੇਸ਼ ਨੂੰ ਤੋੜ ਰਹੇ ਹਨ, ਉਨ੍ਹਾਂ ਦਾ ਨਾਂ ਬੀਜੇਪੀ ਦੇ ਨਾਲ ਸ਼ਾਮਲ ਹੈ। ਰਾਜਸਥਾਨ ਤੇ ਜੰਮੂ ਕਸ਼ਮੀਰ `ਚ ਜੋ ਵੀ ਘਟਨਾਵਾਂ ਹੋਈਆਂ ਹਨ, ਉਨ੍ਹਾਂ ਸਭ `ਚ ਸਿਰਫ਼ ਭਾਜਪਾ ਪਾਰਟੀ ਦਾ ਹੀ ਹੱਥ ਹੈ।
ਰਾਜਸਥਾਨ ਤੇ ਜੰਮੂ ਕਸ਼ਮੀਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਮਾਮਲਿਆਂ `ਚ ਐਨਆਈਏ ਦੀ ਜਾਂਚ ਦੀ ਮੰਗ ਵੀ ਕੀਤੀ।
ਇਸ ਤੋਂ ਇਲਾਵਾ ਵੜਿੰਗ ਨੇ ਕਿਹਾ ਕਿ ਪੁਲਿਸ ਨੇ ਆਸ਼ੂ ਬੰਗੜ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਉੱਪਰ ਇਲਜ਼ਾਮ ਹਨ ਕਿ ਉਹ ਫ਼ੇਕ ਸਰਟੀਫ਼ਿਕੇਟ ਤਿਆਰ ਕਰ ਰਹੇ ਸੀ। ਇਸ ਮਾਮਲੇ `ਚ ਬਿਨਾਂ ਨਾਂ ਦੇ ਬੰਦੇ `ਤੇ ਐਫ਼ਆਈਆਰ ਦਰਜ ਕੀਤੀ ਗਈ।
ਇਸ ਦੇ ਨਾਲ ਵੜਿੰਗ ਨੇ ਆਪਣੀ ਪ੍ਰੈੱਸ ਕਾਨਫ਼ਰੰਸ `ਚ ਸਿੱਧੂ ਮੂਸੇਵਾਲਾ ਕਤਲਕਾਂਡ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਪਰ ਹਾਲੇ ਤੱਕ ਪੁਲਿਸ ਮਾਮਲੇ `ਚ ਕੋਈ ਸਖ਼ਤ ਕਾਰਵਾਈ ਨਹੀਂ ਕਰ ਸਕੀ ਹੈ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਅਗਨੀਪਥ ਦੇ ਮੁੱਦੇ `ਤੇ ਪ੍ਰਸਤਾਵ ਪੇਸ਼ ਕੀਤਾ। ਦੂਜੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਅਗਨੀਪਥ ਨੌਜਵਾਨਾਂ ਨੂੰ ਭਰਤੀ ਕਰਨ ਲਈ ਨੋਟਿਸ ਜਾਰੀ ਕਰ ਰਹੀ ਹੈ। ਇਸ ਤੋਂ ਬਾਅਦ ਤਾਂ ਇਹ ਸਾਬਤ ਹੋ ਗਿਆ ਹੈ ਕਿ ਆਪ ਦਰਅਸਲ ਬੀਜੇਪੀ ਦੀ ਟੀਮ ਬੀ ਹੀ ਹੈ।