ਚੰਡੀਗੜ੍ਹ: ਤਰਨ ਤਾਰਨ 'ਚ ਥਾਣੇਦਾਰ ਵੱਲੋਂ ਸਿੱਖ ਵਿਅਕਤੀ ਨੂੰ ਵਾਲ ਤੇ ਦਾੜ੍ਹੀ ਕਟਵਾਉਣ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਟਵੀਟ ਕੀਤਾ, “ਪੰਜਾਬ ਪੁਲਿਸ ਦੇ ਡਾਇਰੈਕਟਰ ਨੂੰ ਇਸ ਘਟਨਾ ‘ਤੇ ਨਿੱਜੀ ਤੌਰ ‘ਤੇ ਨਿਗਰਾਨੀ ਰੱਖਣ ਤੇ ਇਸ ਦੀ ਜਾਂਚ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।”


ਸੋਸ਼ਲ ਮੀਡੀਆ ‘ਤੇ ਇਸ ਘਟਨਾ ਸਬੰਧੀ ਇੱਕ ਵੀਡੀਓ ਆਉਣ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ‘ਚ ਇਸ ਅਣਪਛਾਤੇ ਵਿਅਕਤੀ ਨੇ ਥਾਣਾ ਇੰਚਾਰਜ ‘ਤੇ ਕੁੱਟਮਾਰ ਤੇ ਇੱਕ ਸਿੱਖ ਵਿਅਕਤੀ ਨਾਲ ਜਬਰਨ ਕੇਸ ਕਤਲ ਦੇ ਇਲਜ਼ਾਮ ਲਾਏ ਗਏ ਹਨ।

ਇਸ ਵੀਡੀਓ ‘ਚ ਇੱਕ ਐਸਐਚਓ ‘ਤੇ ਭੱਦੀ ਸ਼ਬਦਾਵਲੀ, ਕੁੱਟਮਾਰ ਕਰਨ ਤੇ ਇੱਕ ਸਿੱਖ ਦੇ ਕੇਸ ਕਤਲ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਗਏ ਹਨ। ਇੰਨਾ ਹੀ ਨਹੀਂ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪੀੜਤ ਨੂੰ ਝੂਠੇ ਮਾਮਲੇ ‘ਚ ਫਸਾਉਣ ਦੀ ਧਮਕੀ ਵੀ ਦਿੱਤੀ ਗਈ ਹੈ।