ਦੇਸ਼ 'ਚ ਵਧ ਰਹੇ ਕੈਂਸਰ ਦੇ ਮਾਮਲਿਆਂ ਦਾ ਕਾਰਨ ਪਲਾਸਟਿਕ ਦੀ ਜ਼ਿਆਦਾ ਵਰਤੋਂ ਤੇ ਮਿਲਾਵਟੀ ਖਾਣਾ ਹੈ। ਰਾਜ ਸਭਾ 'ਚ ਚਰਚਾ ਦੌਰਾਨ ਇਹ ਗੱਲ ਕਹੀ ਗਈ। ਰਾਜ ਸਭਾ 'ਚ ਚਰਚਾ ਦੌਰਾਨ ਲਗਾਤਾਰ ਵਧ ਰਹੇ ਕੈਂਸਰ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਇਸਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪਲਾਸਟਿਕ ਦੇ ਇਸਤੇਮਾਲ 'ਚ ਕਟੌਤੀ ਕੀਤੀ ਜਾਵੇਗੀ ਕਿਉਂਕਿ ਮੌਜੂਦਾ ਸਮੇਂ ਇਸਦੀ ਧੜੱਲੇਦਾਰ ਵਰਤੋਂ ਹੋ ਰਹੀ ਹੈ।

ਇੱਥੋਂ ਤਕ ਕਿ ਪੈਕੇਟ 'ਚ ਖਾਣਾ ਪਰੋਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖਾਣੇ ਦੇ ਸਮਾਨ 'ਚ ਵੀ ਮਿਲਾਵਟ ਵਧ ਗਈ ਹੈ। ਦੁੱਧ ਤੇ ਮਠਿਆਈ 'ਚ ਵੱਡੇ ਪੱਧਰ 'ਤੇ ਮਿਲਾਵਟ ਹੋ ਰਹੀ ਹੈ ਤੇ ਇਸਦੀ ਵਜ੍ਹਾ ਨਾਲ ਕੈਂਸਰ ਦੇ ਮਾਮਲੇ ਵਧ ਰਹੇ ਹਨ। ਹੁਣ ਲੋੜ ਇਸ ਗੱਲ ਦੀ ਹੈ ਕਿ ਹਰ ਜ਼ਿਲ੍ਹੇ 'ਚ ਅਜਿਹੇ ਮਿਲਾਵਟੀ ਖਾਣੇ ਦੀ ਜਾਂਚ ਲਈ ਜਾਂਚ ਸੈਂਟਰ ਬਣਾਏ ਜਾਣ।

ਇਸ ਦੇ ਨਾਲ ਹੀ ਫਸਲਾਂ ਨੂੰ ਉਪਜਾਉਣ ਲਈ ਜਿਸ ਤਰ੍ਹਾਂ ਦੇ ਰਸਾਇਣਾਂ ਦਾ ਇਸਤੇਮਾਲ ਹੁੰਦਾ ਹੈ ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕੈਂਸਰ ਦੇ ਮਾਮਲਿਆਂ 'ਚ ਕਮੀ ਲਿਆਂਦੀ ਜਾ ਸਕੇ। ਇੰਨਾ ਹੀ ਨਹੀਂ ਦੇਸ਼ 'ਚ ਕੈਂਸਰ ਦਾ ਇਲਾਜ ਆਸਾਨੀ ਨਾਲ ਨਹੀਂ ਹੋ ਪਾਉਂਦਾ ਤੇ ਬਹੁਤ ਮਹਿੰਗਾ ਹੈ।

ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਲੋੜ ਹੈ ਇਸ ਗੱਲ ਦੀ ਕਿ ਦੇਸ਼ 'ਚ ਕੈਂਸਰ ਦੇ ਇਲਾਜ ਨੂੰ ਲੈ ਕੇ ਗੰਭੀਰ ਕਦਮ ਚੁੱਕੇ ਜਾਣ ਜਿਸ ਨਾਲ ਕੈਂਸਰ ਪੀੜਤ ਲੋਕਾਂ ਨੂੰ ਸਮਾਂ ਰਹਿੰਦਿਆਂ ਸਹੀ ਇਲਾਜ ਹੋ ਸਕੇ। ਉਨ੍ਹਾਂ ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦੇ ਲਾਭ ਵੀ ਸਦਨ ਨੂੰ ਗਿਣਾਏ।