ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀ ਘਰ ਤੱਕ ਪਹੁੰਚ ਕਰਵਾਉਣ ਲਈ ਕੋਵਾ ਪੰਜਾਬ ਐਪ (COVA PUNJAB APP) ਵਿੱਚ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ। ਇਹ ਮੋਡਿਊਲ ਸਾਰੇ ਦੁਕਾਨਦਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਆਪਣੇ ਨਾਲ ਸਬੰਧਤ ਕੰਮ ਲਈ ਵਰਤ ਸਕਦੇ ਹਨ।

ਡਿਪਟੀ ਕਮਿਸ਼ਨਰ ਢਿਲੋਂ ਨੇ ਦੱਸਿਆ ਕਿ ਕੋਵਾ ਐਪ ਦੀ ਮੈਨਯੂ ਵਿੱਚ ਰਿਕਵੈਸਟ ਗਰੋਸਰੀ ਟਾਇਪ 'ਤੇ ਕਲਿੱਕ ਕਰਕੇ ਇਹ ਮੋਡਿਊਲ ਖੁਲ੍ਹ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਾਗਰਿਕ ਆਪਣੀ ਲੋਕੇਸ਼ਨ ਸੈਟ ਕਰਕੇ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਐਪ ਕੇਵਲ ਉਨ੍ਹਾਂ ਦੁਕਾਨਦਾਰਾਂ ਦੀ ਲੋਕੇਸ਼ਨ ਦੱਸੇਗੀ ਜਿਨ੍ਹਾਂ ਨੇ ਇਸ ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ ਅਤੇ ਜਿਨ੍ਹਾਂ ਦੁਕਾਨਦਾਰਾਂ ਨੂੰ ਇਸ ਐਪ ਰਾਹੀਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੰਨਜ਼ੂਰੀ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੋਡਿਊਲ ਰਾਹੀਂ ਨਾਗਰਿਕ ਫਲ-ਸਬਜੀਆਂ, ਦਵਾਈਆਂ, ਦੁੱਧ ਉਤਪਾਦ ਅਤੇ ਕਰਿਆਣੇ ਦੇ ਸਮਾਨ ਨੂੰ ਲੋੜ ਮੁਤਾਬਕ ਆਪਣੇ ਘਰ ਮੰਗਵਾ ਸਕਦੇ ਹਨ। ਨਾਗਰਿਕ ਆਰਡਰ ਤੋਂ ਸੰਤੁਸ਼ਟ ਨਾ ਹੋਣ ਤਾਂ ਕੋਵਾ ਐਪ ਵਿੱਚ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਰਜਿਸਟਰਡ ਦੁਕਾਨਦਾਰ ਆਪਣਾ ਸਮਾਨ ਲੋਕਾਂ ਤੱਕ ਸਪਲਾਈ ਕਰਨ ਲਈ ਇਸ ਮੋਡਿਊਲ ਰਾਹੀਂ ਰਜਿਸਟ੍ਰੇਸ਼ਨ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਦੁਕਾਨਦਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਕਿਸੇ ਵੀ ਵਸਤੂ ਦਾ ਵੇਚ ਮੁੱਲ ਐਮਆਰਪੀ ਰੇਟਾਂ ਤੋਂ ਵੱਧ ਨਾ ਹੋਵੇ ਅਤੇ ਦੁਕਾਨਦਾਰ ਕੋਲ ਸਮਾਨ ਘਰ ਪਹੁੰਚਾਉਣ ਦੀ ਆਪਣੇ ਪੱਧਰ 'ਤੇ ਸੁਵਿਧਾ ਹੋਵੇ। ਉਨ੍ਹਾਂ ਦੱਸਿਆ ਅਜਿਹਾ ਨਾ ਹੋਣ 'ਤੇ ਦੁਕਾਨਦਾਰ ਦੀ ਅਰਜ਼ੀ ਰੱਦ ਹੋ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਗਰਿਕਾਂ ਵੱਲੋਂ ਕੀਤੇ ਗਏ ਆਰਡਰ ਦੁਕਾਨਦਾਰ ਆਪਣੀ ਲਾਗਿਨ ਆਈਡੀ ਵਿੱਚ ਦੇਖ ਸਕਦੇ ਹਨ ਤੇ ਨਾਗਰਿਕ ਵੱਲੋਂ ਦਿੱਤੇ ਗਏ ਪਤੇ 'ਤੇ ਇਹ ਆਰਡਰ ਪੰਹੁਚਾਉਣੇ ਹੋਣਗੇ। ਦੁਕਾਨਦਾਰ ਆਪਣੇ ਆਰਡਰ ਦੀ ਕੀਮਤ ਸਮਾਨ ਪਹੁੰਚਾਉਣ 'ਤੇ ਵਸੂਲ ਪਾਏਗਾ।