ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਬੁੱਧਵਾਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਰਾਨ ਦੇ ਕੋਮ ਵਿੱਚ ਫਸੇ 250 ਭਾਰਤੀ ਸ਼ਰਧਾਲੂ ਕੋਰੋਨਾਵਾਇਰਸ ਦੇ ਪੌਜ਼ੇਟਿਵ ਟੈਸਟ ਪਾਏ ਗਏ ਹਨ। ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਗਿਆ, ਜਦੋਂਕਿ 500 ਤੋਂ ਵੱਧ ਪਹਿਲਾਂ ਹੀ ਵਾਪਸ ਲਿਆਂਦੇ ਗਏ ਹਨ। ਇਸ 'ਤੇ ਅਦਾਲਤ ਨੇ ਕਿਹਾ ਕਿ ਉਹ ਭਾਰਤੀ ਦੂਤਾਵਾਸ ਨੂੰ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ ਤੇ ਇਰਾਨ ਵਿੱਚ ਫਸੇ ਭਾਰਤੀਆਂ ਦੇ ਸੰਪਰਕ ਵਿੱਚ ਰਹਿਣ ਲਈ ਕਹਿਣ ਬਾਰੇ ਸੋਚ ਰਹੀ ਹੈ।


ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਐਮ ਆਰ ਸ਼ਾਹ ਦੇ ਬੈਂਚ ਨੇ ਕਿਹਾ ਕਿ ਇਹ ਪਟੀਸ਼ਨਕਰਤਾਵਾਂ ਦੇ ਹੱਕ ਵਿੱਚ ਆਦੇਸ਼ਾਂ ਨੂੰ ਪਾਸ ਕਰੇਗੀ ਤੇ ਭਾਰਤੀ ਦੂਤਾਵਾਸ ਨੂੰ ਦੁਬਾਰਾ ਟੈਸਟ ਕਰਨ ਲਈ ਕਹੇਗੀ। ਜਦੋਂ ਸਹੀ ਸਮੇਂ ਹੋਵੇਗਾ ਤਾਂ ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇਗਾ। ਇਹ ਦੇਖਿਆ ਗਿਆ ਹੈ ਕਿ ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਸ਼ੁਰੂਆਤ ਵਿੱਚ, ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਵੱਲੋਂ ਪੇਸ਼ ਹੁੰਦੇ ਕਿਹਾ ਕਿ ਇਰਾਨ ਵਿੱਚ ਫਸੇ ਬਹੁਤ ਸਾਰੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਇਸ ਤੇ ਪਟੀਸ਼ਨਕਰਤਾ ਦੀ ਤਰਫੋਂ ਪੇਸ਼ ਹੋਏ ਸੀਨੀਅਰ ਵਕੀਲ ਸੰਜੇ ਹੇਗੜੇ ਨੇ ਕਿਹਾ ਕਿ ਸਾਰੇ ਭਾਰਤੀ ਵਾਪਸ ਨਹੀਂ ਲਿਆਂਦੇ ਗਏ ਸਨ ਤੇ 250 ਦੇ ਲਗਪਗ ਲੋਕ, ਜਿਨ੍ਹਾਂ ਨੇ ਸਕਾਰਾਤਮਕ ਟੈਸਟ ਕੀਤਾ ਹੈ, ਉਹ ਅਜੇ ਵੀ ਉੱਥੇ ਹਨ ਤੇ ਇਰਾਨੀ ਅਧਿਕਾਰੀਆਂ ਦੇ ਰਹਿਮ ‘ਤੇ ਹਨ।

ਇਰਾਨ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ਵਿੱਚੋਂ ਇੱਕ ਹੈ। ਇਥੇ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਮੌਤਾਂ ਦੀ ਰਿਪੋਰਟ ਕੋਰੋਨਵਾਇਰਸ ਕਾਰਨ ਮਿਲੀ ਹੈ।

ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਵਸਨੀਕ ਪਟੀਸ਼ਨਰ ਮੁਸਤਫਾ ਐਮਐਚ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਉਸ ਦੇ ਕੁਝ ਰਿਸ਼ਤੇਦਾਰ ਪਿਛਲੇ ਸਾਲ ਦਸੰਬਰ ਵਿੱਚ ਤਕਰੀਬਨ 1000 ਸ਼ਰਧਾਲੂਆਂ ਦੇ ਸਮੂਹ ਨਾਲ ਇਰਾਨ ਗਏ ਸਨ।