ਰੌਬਟ ਦੀ ਵਿਸ਼ੇਸ਼ ਰਿਪੋਰਟ



ਚੰਡੀਗੜ੍ਹ: ਹਰਿਆਣਾ ਦੇ ਲਗਭਗ 125 ਲੋਕ ਨਿਜ਼ਾਮੂਦੀਨ, ਦਿੱਲੀ ਵਿੱਚ ਤਬਲੀਗੀ ਜਮਾਤ ਦੇ ਧਾਰਮਿਕ ਇਕੱਠ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਸਾਰਿਆਂ ਨੂੰ ਹੁਣ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ 9 ਲੋਕਾਂ ਦੀ ਪਛਾਣ ਕੀਤੀ ਹੈ। ਇਹ ਸਾਰੇ ਦਿੱਲੀ ਵਿੱਚ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗ੍ਰਹਿ ਸਕੱਤਰ ਨੂੰ ਤਬਲੀਗੀ ਜਮਾਤ ਵਿੱਚ ਹਿੱਸਾ ਲੈਣ ਵਾਲਿਆਂ ਦੇ ਰਿਕਾਰਡ ਇਕੱਠੇ ਕਰਨ ਦੀ ਹਦਾਇਤ ਕੀਤੀ ਗਈ ਹੈ। ਸਹੀ ਗਿਣਤੀ ਕੰਮ ਪੂਰਾ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਮਾਤ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਹਰਿਆਣਾ 'ਚ ਕੁਆਰੰਟੀਨ ਵਿੱਚ ਹਨ। ਸਿਹਤ ਵਿਭਾਗ ਦੇ ਇੱਕ ਮੈਡੀਕਲ ਬੁਲੇਟਿਨ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ਪੁਲਿਸ ਨੇ ਬ੍ਰਾਜ਼ੀਲ, ਇਜ਼ਰਾਈਲ, ਜਰਮਨੀ, ਜਾਪਾਨ, ਰੂਸ, ਨੇਪਾਲ, ਭੂਟਾਨ ਤੇ ਹੋਰ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਵਿੱਚ ਸਹਾਇਤਾ ਕੀਤੀ ਹੈ।



ਪੰਜਾਬ ਦੇ ਪ੍ਰਤੀਭਾਗੀਆਂ ਵਿੱਚ ਲੁਧਿਆਣਾ ਤੋਂ ਚਾਰ, ਸੰਗਰੂਰ ਦੇ ਦੋ ਤੇ ਬਰਨਾਲਾ, ਗੁਰਦਾਸਪੁਰ ਤੇ ਪਠਾਨਕੋਟ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਸੀ। ਕੋਵਿਡ -19 ਸੰਚਾਰ ਲਈ ਮੀਡੀਆ ਵਿੰਗ ਦੇ ਮੁਖੀ ਰਾਜੇਸ਼ ਭਾਸਕਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਪਛਾਣ ਦਿੱਲੀ ਵਿਖੇ ਕੀਤੀ ਗਈ ਹੈ ਤੇ ਉਥੇ ਹੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜ ਵਿੱਚ ਉਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਾਇਆ ਹੈ ਤੇ ਫਿਲਹਾਲ ਉਨ੍ਹਾਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਏ ਹਨ।

ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਵਿੱਚੋਂ ਕੁੱਲ 2361 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਨਿਜ਼ਾਮੂਦੀਨ ਦੇ ਆਲਮੀ ਮਰਕਜ਼ ਵਿੱਚ 36 ਘੰਟੇ ਦੀ ਮੁਹਿੰਮ ਨਾਲ ਸਵੇਰੇ ਚਾਰ ਵਜੇ ਪੂਰੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਇਮਾਰਤ ਵਿੱਚੋਂ ਕੁੱਲ 2361 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚੋਂ 617 ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਬਾਕੀਆਂ ਨੂੰ ਵੱਖ-ਵੱਖ ਕੁਆਰੰਟੀਨ ਵਿੱਚ ਦਾਖਲ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਨਿਜ਼ਾਮੂਦੀਨ ਦੇ ਤਬਲੀਗੀ ਮਰਕਜ਼ ਵਿੱਚ ਤਬਲੀਗੀ ਸਮਾਜ ਦਾ ਇੱਕ ਪ੍ਰੋਗਰਾਮ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਬਾਅਦ ਵਿੱਚ ਇਥੋਂ ਦੇ ਲੋਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਚਲੇ ਗਏ, ਜਿਸ ਕਾਰਨ ਕੋਰੋਨਾ ਵਾਇਰਸ ਦੀ ਲਾਗ ਦਾ ਖ਼ਤਰਾ ਫੈਲ ਗਿਆ।