ਗੁਰਦਾਸਪੁਰ: ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਬਰਡ ਫਲੂ ਦੇ ਚਲਦੇ ਪੂਰੇ ਪੰਜਾਬ 'ਚ ਅਲਰਟ ਹੈ ਅਤੇ ਵਿਸ਼ੇਸ ਤੌਰ 'ਤੇ ਪੰਜਾਬ 'ਚ ਕਿਸੇ ਵੀ ਤਰ੍ਹਾਂ ਹੋਰਨਾਂ ਸੂਬਿਆਂ 'ਚੋ ਮੀਟ ਅਤੇ ਪੋਲਟਰੀ ਦੇ ਆਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨੀ ਮੁਦੇ 'ਤੇ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ।


ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਧਾਇਕ ਅਤੇ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵੱਖ ਵੱਖ ਵਿਕਾਸ ਕਾਰਜਾਂ ਦੇ ਚਲਦੇ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ।  ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚਲਦੇ ਜੋ ਵਿਕਾਸ ਦੇ ਕੰਮ ਪਿੱਛੜ ਗਏ ਸੀ ਉਨ੍ਹਾਂ 'ਚ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਵੱਧ ਚੜ ਕੇ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਵਿਕਾਸ ਹੋ ਰਿਹਾ ਹੈ।




ਇਸ ਦੇ ਨਾਲ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਪੰਜਾਬ 'ਚ ਬਰਡ ਫਲੂ ਦਾ ਇਕ ਵੀ ਮਾਮਲਾ ਸਾਮਣੇ ਨਹੀਂ ਆਇਆ ਹੈ ਅਤੇ ਅਜਿਹਾ ਨਾ ਹੋਵੇ ਇਸ ਲਈ ਪੰਜਾਬ 'ਚ ਹਰ ਤਰ੍ਹਾਂ ਨਿਗਰਾਨੀ ਦੇ ਆਦੇਸ਼ ਜਾਰੀ ਕਰਦੇ ਅਲਰਟ ਜਾਰੀ ਹੈ। ਤੇ ਨਾ ਹੀ ਪੰਜਾਬ 'ਚ ਕਿਸੇ ਵੀ ਤਰ੍ਹਾਂ ਨਾਲ ਹੋਰਨਾਂ ਸੂਬਿਆਂ 'ਚੋਂ ਮੀਟ ਅਤੇ ਪੋਲਟਰੀ ਦੇ ਆਉਣ 'ਤੇ ਰੋਕ ਲਗਾ ਦਿੱਤੀ ਗਈ ਹੈ।


ਨਾਲ ਹੀ ਕਿਸਾਨੀ ਅੰਦੋਲਨ ਬਾਰੇ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਦੀ ਸਥਿਤੀ ਸਪਸ਼ਟ ਕਰਦੇ ਹੋਏ ਮੰਤਰੀ ਬਾਜਵਾ ਨੇ ਕਿਹਾ ਕਿ ਪਹਿਲਾ ਵੀ ਕਿਸਾਨਾਂ ਦੇ ਹੱਕ 'ਚ ਵਿਧਾਨ ਸਭਾ ਪੰਜਾਬ 'ਚ ਫੈਸਲਾ ਲਿਆ ਸੀ ਅਤੇ ਅੱਗੇ ਵੀ ਕਿਸਾਨਾਂ ਦੇ ਨਾਲ ਹਨ, ਪਰ ਪੂਰਾ ਹੱਲ ਉਦੋਂ ਹੀ ਹੋ ਸਕਦਾ ਹੈ ਜਦੋ ਕੇਂਦਰ ਖੇਤੀ ਕਾਨੂੰਨ ਵਾਪਿਸ ਲਵੇਗੀ।