ਵਾਰਾਣਸੀ: ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਬੀਜੇਪੀ ਤੋਂ ਤਿੰਨ ਵਾਰ ਵਿਧਾਇਕ ਰਹੇ ਤੇ ਇੱਕ ਨਾਮਵਰ ਕਾਲੇਜ ਦੇ ਚੇਅਰਮੈਨ ਮਾਇਆ ਸ਼ੰਕਰ ਪਾਠਕ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਉਸ 'ਤੇ ਆਪਣੇ ਹੀ ਕਾਲਜ ਦੇ ਇੱਕ ਵਿਦਿਆਰਥੀ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਹੈ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਚੇਅਰਮੈਨ ਦੀ ਜ਼ਬਰਦਸਤ ਕੁੱਟਮਾਰ ਕੀਤੀ। ਹਾਲਾਂਕਿ, ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ।


ਇਸ ਦੇ ਨਾਲ ਹੀ ਹੁਣ ਸਾਬਕਾ ਵਿਧਾਇਕ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਨੂੰ ਯੂਪੀ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਟਵੀਟ ਕੀਤਾ ਗਿਆ ਹੈ। ਦਰਅਸਲ, ਪੂਰਾ ਮਾਮਲਾ ਵਾਰਾਣਸੀ ਜ਼ਿਲ੍ਹੇ ਦੇ ਚੌਬੇਪੁਰ ਥਾਣਾ ਖੇਤਰ ਦੇ ਭਗਤੂਵਾ ਦਾ ਹੈ। ਇੱਥੇ ਐਮਪੀ ਇੰਸਟੀਚਿਊਟ ਅਤੇ ਕੰਪਿਊਟਰ ਐਪਲੀਕੇਸ਼ਨਜ਼ ਕਾਲਜ ਦੇ ਚੇਅਰਮੈਨ ਮਾਇਆ ਸ਼ੰਕਰ ਪਾਠਕ 'ਤੇ ਛੇੜਛਾੜ ਦਾ ਦੋਸ਼ ਲਗਾਇਆ ਗਿਆ ਸੀ।




ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਮਾਇਆ ਸ਼ੰਕਰ ਪਾਠਕ ਨੇ ਇੱਕ ਵਿਦਿਆਰਥਣ ਨੂੰ ਉਸ ਦੇ ਕੈਬਿਨ ਵਿੱਚ ਬੁਲਾਇਆ ਅਤੇ ਉਸ ਨਾਲ ਅਸ਼ਲੀਲ ਵਿਵਹਾਰ ਕੀਤਾ। ਜਦੋਂ ਲੜਕੀ ਨੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਪਰਿਵਾਰ ਕਾਲਜ ਪਹੁੰਚ ਗਿਆ ਅਤੇ ਮਾਇਆ ਸ਼ੰਕਰ ਨੂੰ ਕੁੱਟਿਆ। ਇਸ ਤੋਂ ਕੁੱਟ-ਮਾਰ ਦੀ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ।




ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਮਾਇਆ ਸ਼ੰਕਰ ਪਾਠਕ ਲੜਕੀ ਦੇ ਪਰਿਵਾਰ ਦੇ ਸਾਹਮਣੇ ਕੰਨ ਫੜ ਕੇ ਮੁਆਫੀ ਮੰਗਦਾ ਦਿਖਾਈ ਦੇ ਰਿਹਾ ਹੈ। ਮੁਆਫੀ ਮੰਗਣ ਅਤੇ ਜਨਤਕ ਸ਼ਰਮ ਕਾਰਨ ਪਰਿਵਾਰ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਦੇ ਨਾਲ ਹੀ ਇਹ ਕੇਸ ਦੋ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ। ਹੁਣ ਇਸ ਵੀਡੀਓ ਨੂੰ ਉੱਤਰ ਪ੍ਰਦੇਸ਼ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਮਿਤਾਭ ਠਾਕੁਰ ਨੇ ਟਵੀਟ ਕੀਤਾ ਹੈ ਅਤੇ ਵਾਰਾਣਸੀ ਪੁਲਿਸ ਤੋਂ ਸਾਬਕਾ ਵਿਧਾਇਕ 'ਤੇ ਕਾਰਵਾਈ ਦੀ ਮੰਗ ਕੀਤੀ ਹੈ।