ਰਾਜਪੁਰਾ: ਪੁਲਿਸ ਵੱਲੋਂ ਬੀਤੀ ਰਾਤ ਰਾਜਪੁਰਾ 'ਚ ਇੱਕ ਫੈਕਟਰੀ 'ਚ ਛਾਪੇਮਾਰੀ ਦੌਰਾਨ ਨਾਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਹੁਣ ਐਕਸ਼ਨ ਮੋਡ 'ਚ ਹਨ। ਪੰਜਾਬ ਦੇ ਵਿੱਤ ਕਮਿਸ਼ਨਰ ਏ ਵੇਨੂੰ ਪ੍ਰਸਾਦ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਕਲੀ ਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਪ੍ਰਤੀ ਅਪਣਾਈ 'ਜ਼ੀਰੋ ਟੌਲਰੈਂਸ' ਨੀਤੀ 'ਤੇ ਸਖ਼ਤੀ ਨਾਲ ਅਮਲ ਕੀਤਾ ਜਾ ਰਿਹਾ ਹੈ।


ਵੇਨੂੰ ਪ੍ਰਸਾਦ ਤੇ ਆਬਕਾਰੀ ਕਮਿਸ਼ਨਰ, ਪੰਜਾਬ ਰਜਤ ਅਗਰਵਾਲ ਰਾਜਪੁਰਾ ਵਿੱਚ ਆਬਕਾਰੀ ਵਿਭਾਗ ਤੇ ਆਬਕਾਰੀ ਪੁਲਿਸ ਵੱਲੋਂ ਬੀਤੀ ਰਾਤ ਨਾਜਾਇਜ਼ ਤਰੀਕੇ ਨਾਲ ਦੇਸੀ ਸ਼ਰਾਬ ਤਿਆਰ ਕਰਨ ਵਾਲੀ ਫੜੀ ਗਈ ਨਾਜਾਇਜ਼ ਫੈਕਟਰੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਸੀ। ਇਸ ਮੌਕੇ ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸ਼ਰਾਬ ਦੇ ਗ਼ੈਰਕਾਨੂੰਨੀ ਧੰਦੇ ਵਿਰੁੱਧ ਅਰੰਭ ਕੀਤੇ ਓਪਰੇਸ਼ਨ ਰੈੱਡ ਰੋਜ਼ ਤਹਿਤ ਕੀਤੀ ਕਾਰਵਾਈ ਸਦਕਾ ਰਾਜ ਦਾ ਆਬਕਾਰੀ ਮਾਲੀਆ ਪਿਛਲੇ ਵਰ੍ਹੇ ਨਾਲੋਂ 29 ਫ਼ੀਸਦੀ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਕੋਈ 13 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ ਤੇ 11 ਹਜ਼ਾਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਵਿਭਾਗ ਨੇ ਆਪਣੇ ਗੁਪਤ ਸੂਤਰ ਵੀ ਤਿਆਰ ਕੀਤੇ ਹਨ ਤਾਂ ਕਿ ਅਜਿਹੇ ਧੰਦੇ 'ਚ ਲੱਗੇ ਵਿਅਕਤੀਆਂ ਦੀ ਸੂਚਨਾ ਮਿਲ ਸਕੇ।

ਮੋਦੀ ਸਰਕਾਰ ਅੱਜ ਕਰੇਗੀ ਵੱਡਾ ਐਲਾਨ! ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ

ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਵਧੀ ਵਿਕਰੀ ਸਦਕਾ ਆਬਕਾਰੀ ਵਿਭਾਗ ਨੇ ਪਹਿਲੀ ਵਾਰ ਸ਼ਰਾਬ ਦਾ 15 ਫੀਸਦੀ ਕੋਟਾ ਵੀ ਵਧਾਇਆ ਹੈ, ਸਿੱਟੇ ਵਜੋਂ ਮਾਲੀਏ ਵਿੱਚ ਹੁਣ ਤੱਕ 785 ਕਰੋੜ ਰੁਪਏ ਦਾ ਇਜ਼ਾਫ਼ਾ ਦਰਜ ਕੀਤਾ ਗਿਆ ਹੈ। ਵੇਨੂੰ ਪ੍ਰਸਾਦ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਐਕਸਟਰਾ ਨਿਊਟਰਲ ਈਥਾਨੋਲ ਨੂੰ ਫੈਕਟਰੀਆਂ 'ਚੋਂ ਲਿਆਉਣ ਸਮੇਂ ਇਸ ਦੀ ਚੋਰੀ ਰੋਕਣ ਲਈ ਈਐਨਏ ਦੀ ਢੋਆ-ਢੋਆਈ 'ਚ ਲੱਗੇ ਵਾਹਨਾਂ 'ਤੇ ਸੀਲਾਂ ਤੇ ਜੀਪੀਆਰਐਸ ਪ੍ਰਣਾਲੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ ਤੇ ਹੁਣ ਹੋਰ ਚੌਕਸੀ ਤਹਿਤ ਨਵੀਂ ਰਣਨੀਤੀ ਵੀ ਤਿਆਰ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਗੜਬੜੀ ਨੂੰ ਤੁਰੰਤ ਨੱਥ ਪਾਈ ਜਾ ਸਕੇ।

ਇਸ ਮੌਕੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੀ ਸੂਚਨਾ ਆਬਕਾਰੀ ਵਿਭਾਗ ਦੇ ਸ਼ਿਕਾਇਤ ਨੰਬਰ 98759-61126 'ਤੇ ਤੁਰੰਤ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਹ ਫੈਕਟਰੀ ਵੀ ਗੁਪਤ ਸੂਚਨਾ ਦੇ ਅਧਾਰ 'ਤੇ ਹੀ ਫੜੀ ਗਈ ਹੈ, ਜਿਸ ਲਈ ਅਜਿਹੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਪਿੱਛੇ ਹਟਣ ਨੂੰ ਰਾਜ਼ੀ ਨਹੀਂ ਕਿਸਾਨ, ਸਰਕਾਰ ਅੱਜ ਕਰੇਗੀ ਅਹਿਮ ਫੈਸਲਾ

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਸਰਕਾਰ ਤੇ ਵਿਭਾਗ ਇਸ ਗੱਲੋਂ ਸਾਫ਼ ਹੈ ਕਿ ਨਕਲੀ ਜਾਂ ਨਾਜਾਇਜ਼ ਸ਼ਰਾਬ ਦੇ ਧੰਦੇ 'ਚ ਲੱਗੇ ਕਿਸੇ ਵੀ ਵਿਅਕਤੀ ਜਾਂ ਮਿਲੀਭੁਗਤ ਵਾਲੇ ਕਿਸੇ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਤੇ ਇਹ ਵੀ ਪਤਾ ਲਾਇਆ ਜਾਵੇਗਾ ਕਿ ਇਹ ਸ਼ਰਾਬ ਕਿੱਥੇ-ਕਿੱਥੇ ਸਪਲਾਈ ਕੀਤੀ ਗਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ