ਚੰਡੀਗੜ੍ਹ: ਪੰਜਾਬ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਪਾਸੋਂ 4 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਵਿੱਚ ਦੋਸ਼ੀਆਂ ਦੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੁਝ ਗੈਂਗਸਟਰਾਂ ਅਤੇ ਦੁਬਈ ਦੇ ਇੱਕ ਤਸਕਰ ਨਾਲ ਮਜ਼ਬੂਤ ਗਠਜੋੜ ਬਾਰੇ ਪਤਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਸਬੰਧਤ ਅਤੇ ਅੰਤਰਾਸ਼ਟਰੀ ਸੰਪਰਕ ਵਾਲੇ ਇੱਕ ਵੱਡੇ ਡਰੱਗ ਮਾਫੀਆ ਨਾਲ ਸਬੰਧਿਤ ਹਨ।

ਡੀਜੀਪੀ ਦਿਨਕਰ ਗੁਪਤਾ ਅਨੁਸਾਰ ਹੁਣ ਤੱਕ ਦੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਕਸ਼ਮੀਰ ਤੋਂ ਪੰਜਾਬ ਵਿੱਚ ਸਮਗਲ ਕੀਤੇ ਗਏ ਨਸ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਪੈਸੇ ਦੀ ਵਰਤੋਂ ਸੰਭਾਵਿਤ ਤੌਰ 'ਤੇ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਵਾਸਤੇ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਪੂਰੀ ਅੰਤਰਰਾਸ਼ਟਰੀ ਸਾਜਿਸ਼ ਅਤੇ ਨੈਟਵਰਕ ਦੇ ਅੱਗੇ ਪਿੱਛੇ ਦੇ ਸਾਰੇ ਸਬੰਧਾਂ ਤੋਂ ਪਰਦਾ ਹਟਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਦੋਸ਼ੀਆਂ ਪਾਸੋਂ ਹੈਰੋਇਨ ਤੋਂ ਇਲਾਵਾ ਦੋ ਦੇਸੀ 32 ਬੋਰ ਪਿਸਤੌਲ ਸਮੇਤ 10 ਅਣਚੱਲੇ ਕਾਰਤੂਸ ਅਤੇ ਇਕ ਕਾਰ, ਜਿਸ ਦੀ ਵਰਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਇਸ਼ਾਰੇ 'ਤੇ ਸ੍ਰੀਨਗਰ ਤੋਂ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾਂਦੀ ਸੀ, ਵੀ ਬਰਾਮਦ ਕੀਤੀ ਗਈ ਹੈ।


ਉਨ੍ਹਾਂ ਦੱਸਿਆ ਕਿ ਡਰੱਗ ਮਾਫੀਆ ਦੇ ਤਾਰ ਦੁਬਈ ਦੇ ਇਕ ਵਿਅਕਤੀ ਨਾਲ ਜੁੜੇ ਹਨ, ਜੋ  ਨਸ਼ਾ ਤਸਕਰਾਂ ਅਤੇ ਪੰਜਾਬ ਵਿਚਲੇ ਨਸ਼ਾ ਤਸਕਰਾਂ ਨੂੰ ਨਸ਼ਿਆਂ ਦੀ ਸਪਲਾਈ ਲਈ ਕਥਿਤ ਤੌਰ 'ਤੇ ਕਸ਼ਮੀਰ ਵਿਚਲੇ ਨਸ਼ਾ ਤਸਕਰਾਂ ਨਾਲ ਰਾਬਤਾ ਕਰਨ ਵਿੱਚ ਸ਼ਾਮਲ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਖੁਲਾਸਾ ਕੀਤਾ ਕਿ ਜਲੰਧਰ ਪੁਲਿਸ ਨੂੰ ਜਸਵਿੰਦਰ ਸਿੰਘ, ਰਮੇਸ਼ ਕੁਮਾਰ ਅਤੇ ਗੁਰਸੇਵਕ ਸਿੰਘ ਸਬੰਧੀ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਪਲਵਿੰਦਰ ਸਿੰਘ ਉਰਫ਼ ਪਿੰਦਾ ਦੇ ਇਸ਼ਾਰੇ 'ਤੇ ਡਰੱਗ ਨੈੱਟਵਰਕ ਚਲਾਉਣ ਦੀ ਸੂਹ ਮਿਲੀ ਸੀ।


ਮਿਲੀ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਵੱਲੋਂ ਐਸਐਸਪੀ ਜਲੰਧਰ ਸੰਦੀਪ ਗਰਗ ਦੀ ਸਿੱਧੀ ਨਿਗਰਾਨੀ ਹੇਠ ਛਾਪੇ ਮਾਰੇ ਗਏ ਜਿਸ ਦੇ ਚਲਦੇ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪਿੰਡ ਲੋਹੀਆਂ ਵਿਖੇ ਜਸਵਿੰਦਰ ਸਿੰਘ ਦੇ ਘਰ ਤੋਂ ਰਮੇਸ਼ ਕੁਮਾਰ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਾ ਸਾਥੀ, ਗੁਰਸੇਵਕ ਸਿੰਘ ਵਾਸੀ ਪਟਿਆਲਾ ਅਜੇ ਫਰਾਰ ਹੈ ਅਤੇ ਉਸ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।