ਪਟਿਆਲਾ: ਮਲੇਰਕੋਟਲਾ ਬੇਅਦਬੀ ਮਾਮਲੇ 'ਚ ਦਿੱਲੀ ਦੇ 'ਆਪ' ਵਿਧਾਇਕ ਨਰੇਸ਼ ਯਾਦਵ ਤੋਂ ਮੁੜ ਪੁੱਛਗਿੱਛ ਕਰਨ ਦੀ ਤਿਆਰੀ ਹੈ। ਪਟਿਆਲਾ ਤੋਂ ਬਾਅਦ ਸੰਗਰੂਰ ਸੀਆਈਏ ਸਟਾਫ਼ ਵੱਲੋਂ ਨਰੇਸ਼ ਨੂੰ ਨੋਟਿਸ ਭੇਜਣ ਦੀ ਤਿਆਰੀ ਹੈ। ਇਸ ਤੋਂ ਪਹਿਲਾਂ 5 ਜੁਲਾਈ ਨੂੰ ਪਟਿਆਲਾ ਸੀਆਈਏ ਸਟਾਫ ਨੇ ਕਰੀਬ 5 ਘੰਟੇ ਤੱਕ ਕੀਤੀ ਪੁੱਛਗਿੱਛ 'ਚ ਕਰੀਬ 100 ਸਵਾਲ ਰੱਖੇ ਸਨ। ਇਸ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਵਿਜੈ ਦਾ ਪੌਲੀਗਰਾਫ਼ ਟੈਸਟ ਵੀ 9 ਜਾਂ 10 ਜੁਲਾਈ ਨੂੰ ਕਰਵਾਏ ਜਾਣ ਦੀ ਸੰਭਾਵਨਾ ਹੈ।

 

 

 

ਇਸ ਦੇ ਨਾਲ ਹੀ ਸੰਗਰੂਰ ਪੁਲੀਸ ਵੱਲੋਂ ਮੋਗਾ ਦੇ ਐਨਆਰਆਈ ਕੇਵਲ ਸਿੰਘ ਸੰਘਾ ਸਮੇਤ ਸ਼ਿਵਦੇਵ ਸਿੰਘ ਤੇ ਨਵੀਨ ਸੈਣੀ ਨੂੰ 9 ਜੁਲਾਈ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਬੈਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਵਿਜੇ ਨੇ ਪੁੱਛਗਿੱਛ ਦੌਰਾਨ ਕਿਹਾ ਸੀ ਕਿ ਉਸ ਨੇ ਕੇਵਲ ਸੰਘਾ ਨੂੰ ਮੋਗਾ ਤੋਂ ਟਿਕਟ ਦਿਵਾਉਣ ਲਈ ਨਰੇਸ਼ ਯਾਦਵ ਨਾਲ ਮੀਟਿੰਗ ਤੈਅ ਕਰਵਾਈ ਸੀ ਪਰ ਕਿਸੇ ਕਾਰਨ ਕਰਕੇ ਮੀਟਿੰਗ ਨਹੀਂ ਹੋ ਸਕੀ ਸੀ। ਉਸ ਨੇ ਟਿਕਟ ਬਦਲੇ ਪਾਰਟੀ ਫੰਡ ਦਿੱਤੇ ਜਾਣ ਦਾ ਵੀ ਦਾਅਵਾ ਕੀਤਾ ਹੈ। ਇਸ ਦੇ ਚੱਲਦੇ ਹੀ ਕੇਵਲ ਸਿੰਘ ਸੰਘਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

 
ਸੰਗਰੂਰ ਦੇ ਐਸਐਸਪੀ ਪ੍ਰਿਤਪਾਲ ਸਿੰਘ ਨੇ ਪਹਿਲਾਂ ਵੀ ਕਿਹਾ ਸੀ ਕਿ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਨਰੇਸ਼ ਯਾਦਵ ਵੱਲੋਂ ਦਿੱਤਾ ਗਿਆ ਪਰ ਹਾਲੇ ਵੀ ਕੁਝ ਸਵਾਲ ਬਾਕੀ ਹਨ। ਇਸ ਲਈ ਨਰੇਸ਼ ਯਾਦਵ ਨੂੰ ਇੱਕ ਵਾਰ ਫਿਰ ਬੁਲਾਇਆ ਜਾਵੇਗਾ। ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਪ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਸੀ ਕਿ ਪੁਲਿਸ ਵੱਲੋਂ ਪੁੱਛੇ ਗਏ ਸਾਰੇ ਹੀ ਸਵਾਲਾਂ ਦਾ ਉਨ੍ਹਾਂ ਨੇ ਸਚਾਈ ਨਾਲ ਜਵਾਬ ਦਿੱਤਾ ਤੇ ਜਦ ਵੀ ਪੁਲਿਸ ਉਨ੍ਹਾਂ ਨੂੰ ਜਾਂਚ ਲਈ ਬੁਲਾਏਗੀ, ਉਹ ਪਹੁੰਚਣਗੇ।