ਆਸ਼ੂਤੋਸ਼ ਸਮਾਧੀ ਮਾਮਲੇ 'ਤੇ ਸਰਕਾਰ ਅਜੇ ਵੀ ਚੁੱਪ
ਏਬੀਪੀ ਸਾਂਝਾ | 16 Sep 2016 10:17 AM (IST)
ਚੰਡੀਗੜ੍ਹ: ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂੁਰਮਹਿਲ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਦੇ ਮਾਮਲੇ 'ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਮਾਮਲੇ 'ਤੇ ਅੱਜ ਹਾਈਕੋਰਟ 'ਚ ਸਟੇਟਸ ਰਿਪੋਰਟ ਪੇਸ਼ ਕਰਨੀ ਸੀ।ਪਰ ਸਰਕਾਰ ਵੱਲੋਂ ਅੱਜ ਵੀ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਅਦਾਲਤ ਤੋਂ ਹੋਰ ਸਮਾਂ ਮੰਗਿਆ ਹੈ। ਇਸ ਤੇ ਅਦਾਲਤ ਨੇ ਸਰਕਾਰ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਦਿੰਦਿਆਂ ਅਗਲੀ ਸੁਮਵਾਈ ਲਈ 9 ਨਵੰਬਰ ਦੀ ਤਾਰੀਕ ਤੈਅ ਕੀਤੀ ਹੈ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਸੀ ਅਤੇ ਸਾਰੀ ਰਿਪੋਰਟ 16 ਸਤੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਦੱਸਣਯੋਗ ਹੈ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਨੂੰ ਡਾਕਟਰਾਂ ਵਲੋਂ 29 ਜਨਵਰੀ 2014 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੇ ਨੂਰਮਹਿਲ ਸਥਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਚ ਉਨ੍ਹਾਂ ਦਾ ਮ੍ਰਿਤ ਸਰੀਰ ਇੱਕ ਕਮਰੇ ‘ਚ ਫਰੀਜ਼ਰ ਵਿਚ ਰੱਖਿਆ ਹੋਇਆ ਹੈ। ਸੰਸਥਾਨ ਦਾ ਦਾਅਵਾ ਹੈ ਕਿ ਮਹਾਰਾਜ ਗਹਿਰੀ ਸਮਾਧੀ 'ਚ ਹਨ ਤੇ ਕਿਸੇ ਵੇਲੇ ਵੀ ਵਾਪਸ ਪਰਤ ਸਕਦੇ ਹਨ। ਜਦਕਿ ਆਸ਼ੂਤੋਸ਼ ਮਹਾਰਾਜ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਲੀਪ ਕੁਮਾਰ ਝਾਅ ਨੇ ਅਦਾਲਤ ਤੋਂ ਆਪਣਾ ਡੀਐਨਏ ਟੈਸਟ ਕਰਵਾਉਣ ਤੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਦਿੱਤੇ ਜਾਣ ਲਈ ਪਟੀਸ਼ਨ ਦਾਇਰ ਕੀਤੀ ਹੈ।