ਜਲੰਧਰ: ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ 'ਚ ਪਤੀ, ਪਤਨੀ, ਪੁੱਤ ਤੇ ਧੀ ਸ਼ਾਮਲ ਹਨ। ਇਹ ਦਰਦਨਾਕ ਖਬਰ ਜਲੰਧਰ ਦੇ ਪਠਾਨਕੋਟ ਚੌਂਕ ਨੇੜੇ ਦੇ ਇਲਾਕੇ ਤੋਂ ਹੈ। ਇਸ ਪਰਿਵਾਰ ਨੇ ਨੇੜਲੇ ਪਿੰਡ ਕਿਸ਼ਨਗੜ੍ਹ ਦੇ ਖੇਤਾਂ 'ਚ ਸਲਫਾਸ ਖਾ ਕੇ ਆਤਮ ਹੱਤਿਆ ਕੀਤੀ ਹੈ। ਮ੍ਰਿਤਕਾਂ ਕੋਲੋਂ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਇਸ 'ਚ ਕੁੱਝ ਫਾਈਨਾਂਸਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਗਿਆ ਹੈ। ਪੁਲਿਸ ਨੇ ਸੁਸਾਈਡ ਨੋਟ ਦੇ ਅਧਾਰ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਅਨਿਲ ਅਗਰਵਾਲ, ਉਸ ਦੀ ਪਤਨੀ ਰਜਨੀ ਅਗਰਵਾਲ, ਪੁੱਤਰ ਅਭਿਸ਼ੇਕ ਤੇ ਧੀ ਰਾਸ਼ੀ ਵਜੋਂ ਹੋਈ ਹੈ। ਇਹ ਪਰਿਵਾਰ ਜਲੰਧਰ ਦੇ ਪਠਾਨਕੋਟ ਚੌਕ ਨੇੜੇ ਇੱਕ ਫਲੈਟ 'ਚ ਰਹਿੰਦਾ ਸੀ। ਇਹਨਾਂ ਦੀਆਂ ਲਾਸ਼ਾਂ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਕਿਸ਼ਨਗੜ੍ਹ ਨੇੜੇ ਖੇਤਾਂ 'ਚ ਬਰਾਮਦ ਕੀਤੀਆਂ ਗਈਆਂ। ਪੁਲਿਸ ਮੁਤਾਬਕ ਅਨਿਲ ਅਗਰਵਾਲ ਦੀ ਜੇਬ 'ਚੋਂ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ। ਉਸ ਵਿੱਚ ਅਰਵਿੰਦ ਪਾਲ, ਸੰਜੀਵ, ਦੀਪਕ, ਗੁਰਮੁੱਖ, ਅਤੁਲ, ਕੁਲਵੀਰ, ਰਾਜਵੀਰ ਕੌਰ ਅਤੇ ਮਨਦੀਪ ਨੰਦਾ ਦੇ ਨਾਂ ਲਿਖੇ ਹੋਏ ਹਨ। ਖ਼ੁਦਕੁਸ਼ੀ ਨੋਟ 'ਚ ਲਿਖਿਆ ਹੈ ਕਿ ਉਸ ਨੇ ਕਰਜ਼ਾ ਲਿਆ ਹੋਇਆ ਸੀ, ਜਿਹੜਾ ਵਿਆਜ ਸਮੇਤ ਮੋੜ ਵੀ ਦਿੱਤਾ ਸੀ ਪਰ ਇਹ ਲੋਕ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ ਕਿ ਜੇ ਉਸ ਨੇ ਪੈਸੇ ਨਾ ਮੋੜੇ ਤਾਂ ਉਸ ਦੀ ਪਤਨੀ ਤੇ ਧੀ ਨੂੰ ਅਗਵਾ ਕਰ ਲੈਣਗੇ। ਥਾਣਾ ਭੋਗਪੁਰ ਵਿੱਚ ਖ਼ੁਦਕੁਸ਼ੀ ਨੋਟ ਅਤੇ ਪੀੜਤਾਂ ਦੇ ਰਿਸ਼ਤੇਦਾਰ ਨੀਲਮ ਗੁਪਤਾ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਦੇ ਅਧਾਰ 'ਤੇ ਅੱਠ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ।