ਅੰਮ੍ਰਿਤਸਰ: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ। ਕਿਸਾਨ ਜਿਲ੍ਹੇ ਦੇ ਡੀਸੀ ਦਫਤਰ ਸਾਹਮਣੇ ਧਰਨੇ 'ਤੇ ਬੈਠੇ ਹਨ। ਹਾਲਾਂਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਕੱਲ੍ਹ ਰੇਲਵੇ ਟਰੈਕ 'ਤੇ ਲਗਾਇਆ ਧਰਨਾ ਖਤਮ ਕਰ ਦਿੱਤਾ ਹੈ।
ਕੱਲ੍ਹ ਪੁਲਿਸ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨਾਲ ਲੰਮਾਂ ਸਮਾਂ ਚੱਲੀ ਕਿਸਾਨਾਂ ਦੀ ਬੈਠਕ ਵਿੱਚ ਸਰਕਾਰ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਾਰਨ ਦਾ ਐਲਾਨ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਦੀਆਂ ਪਿਛਲੇ ਸਮੇਂ ਵਿੱਚ ਮੰਨਿਆਂ ਹੋਈਆਂ ਸਾਰੀਆਂ ਮੰਗਾਂ ਨੂੰ ਜਲਦ ਹੀ ਪੂਰਾ ਕਰ ਦੇਵੇਗੀ ਅਤੇ ਸਰਕਾਰ ਵੱਲੋਂ ਐਲਾਨੀਆਂ ਗਈਆਂ ਮੰਗਾਂ ਬਾਰੇ ਵੀ ਜਲਦ ਵਿਚਾਰ ਕਰਕੇ ਉਨ੍ਹਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੇ ਚੱਲਦਿਆਂ ਉਨ੍ਹਾਂ ਨੂੰ ਅਗਲੇ 15 ਦਿਨਾਂ ਵਿੱਚ ਬੈਠਕ ਕਾਰਨ ਦਾ ਸਮਾਂ ਦਿੱਤਾ ਗਿਆ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਸਰਕਾਰ ਪਹਿਲਾਂ ਤਾਂ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਸੀ। ਪਰ ਉਨ੍ਹਾਂ ਨੂੰ ਜਦੋਂ ਮਜਬੂਰ ਹੋ ਕੇ ਰੇਲਵੇ ਟਰੈਕ 'ਤੇ ਆਉਣਾ ਪਿਆ ਤਾਂ ਸਰਕਾਰ ਨੇ ਗੱਲਬਾਤ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਭੇਜਿਆ। ਹੁਣ ਭਰੋਸਾ ਦਿੱਤਾ ਗਿਆ ਹੈ ਕੇ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਪੂਰਾ ਧਿਆਨ ਹੈ। ਕਿਸਾਨਾਂ ਨੇ ਕਿਹਾ ਕਿ ਭਾਵੇਂ ਉਹ ਅੱਜ ਸਰਕਾਰ ਦੇ ਭਰੋਸੇ ਤੋਂ ਬਾਅਦ ਰੇਲਵੇ ਟਰੈਕ ਖਾਲੀ ਕਰ ਰਹੇ ਹਨ ਪਰ ਜਦੋਂ ਤੱਕ ਮੰਗਾਂ ਮੰਨੇ ਜਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਓਦੋਂ ਤੱਕ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਬਾਰ ਲਗਾਇਆ ਗਿਆ ਪੱਕਾ ਮੋਰਚਾ ਪਹਿਲਾਂ ਦੀ ਤਰਾਂ ਹੀ ਜਾਰੀ ਰਹੇਗਾ।