ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਹੀ ਕਈ ਵਿਵਾਦਾਂ ਨੇ ਜਨਮ ਲੈ ਲਿਆ ਹੈ। ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਨਰਾਜ਼ ਨਜ਼ਰ ਆ ਰਹੇ ਹਨ। ਛੋਟੇਪੁਰ ਨੂੰ ਪਾਰਟੀ ਵੱਲੋਂ ਜਾਰੀ ਕੀਤੀ ਲਿਸਟ ਵਾਲੇ ਕੁਝ ਨਾਵਾਂ 'ਤੇ ਇਤਰਾਜ਼ ਹੈ। ਉਹ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਮੁੱਦਾ ਚੁੱਕਣਗੇ।

 

 

ਸੁੱਚਾ ਸਿੰਘ ਛੋਟੇਪੁਰ ਮੁਤਾਬਕ ਉਨ੍ਹਾਂ ਸਮੇਤ ਸਕ੍ਰੀਨਿੰਗ ਕਮੇਟੀ ਮੈਂਬਰਾਂ ਨੇ ਉਮੀਦਵਾਰਾਂ ਦੇ 5-5 ਨਾਵਾਂ ਦੀ ਸਿਫਾਰਸ਼ ਕੀਤੀ ਸੀ ਪਰ ਛੋਟੇਪੁਰ ਵੱਲੋਂ ਭੇਜੇ ਗਏ ਕਿਸੇ ਵੀ ਉਮੀਦਵਾਰ ਨੂੰ ਟਿਕਟ ਨਹੀਂ ਦਿੱਤਾ ਗਿਆ। ਅਜਿਹੇ 'ਚ ਉਨ੍ਹਾਂ ਨੂੰ ਇਤਰਾਜ਼ ਹੈ ਕਿਉਂਕਿ ਜਿਹੜੇ ਵਰਕਰਾਂ ਨੇ ਪਾਰਟੀ ਲਈ ਕੰਮ ਕੀਤਾ, ਉਨ੍ਹਾਂ ਦੀ ਹੀ ਅਣਦੇਖੀ ਹੋਈ ਹੈ। ਹਾਲਾਂਕਿ ਸੁੱਚਾ ਸਿੰਘ ਛੋਟੇਪੁਰ ਨੇ ਸਾਫ ਕੀਤਾ ਕਿ ਇੱਕ ਨਿੱਜੀ ਚੈਨਲ ਵੱਲੋਂ ਦਿਖਾਈ ਜਾ ਰਹੀ ਉਨ੍ਹਾਂ ਦੇ ਅਸਤੀਫੇ ਦੀ ਖਬਰ ਬਿਲਕੁਲ ਗਲਤ ਹੈ। ਉਹ ਲਗਾਤਾਰ ਪਾਰਟੀ ਲਈ ਕੰਮ ਕਰ ਰਹੇ ਹਨ, ਅਜਿਹੇ 'ਚ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

 

 

ਉਹ ਜਲਦ ਇਸ ਮਾਮਲੇ ਨੂੰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਮਣੇ ਚੁੱਕਣਗੇ। ਫਿਲਹਾਲ ਕੇਜਰੀਵਾਲ ਹਿਮਾਚਲ ਦੇ ਧਰਮਕੋਟ 'ਚ 12 ਰੋਜ਼ਾ ‘ਵਿਪਾਸਨਾ ਧਿਆਨ ਪ੍ਰੋਗਰਾਮ’ ਲਈ ਗਏ ਹਨ। ਉਹ 12 ਅਗਸਤ ਨੂੰ ਵਾਪਸ ਦਿੱਲੀ ਪਰਤਣਗੇ। ਦਰਅਸਲ ਕੇਜਰੀਵਾਲ ਲਗਾਤਾਰ ਵਧ ਰਹੇ ਤਣਾਅ ਕਾਰਨ ਆਪਣੀ ਸਿਹਤ ਤੇ ਮਨ ਦੀ ਸ਼ਾਂਤੀ ਲਈ ਇਸ ਕੈਂਪ 'ਤੇ ਗਏ ਹਨ ਪਰ ਜਿਸ ਤਰ੍ਹਾਂ ਦੇ ਹਲਾਤ ਪੰਜਾਬ ਦੀ ਪਹਿਲੀ ਉਮੀਦਵਾਰ ਸੂਚੀ ਤੋਂ ਬਾਅਦ ਪੈਦਾ ਹੋ ਰਹੇ ਹਨ, ਇਹ ਉਨ੍ਹਾਂ ਦੇ ਤਣਾਅ ਨੂੰ ਹੋਰ ਵਧਾ ਸਕਦੇ ਹਨ।