ਚੰਡੀਗੜ੍ਹ: ਨਸ਼ੇ ਦੇ ਨਾਗ ਨੇ ਇੱਕ ਨੌਜਵਾਨ ਨੂੰ ਡੰਗ ਲਿਆ ਹੈ। ਸੈਕਟਰ 29 ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਡਰੱਗ ਓਵਰਡੋਜ਼ ਦੇ ਚੱਲਦੇ ਮੌਤ ਹੋ ਗਈ ਹੈ। ਮ੍ਰਿਤਕ 2 ਭੈਣਾਂ ਦਾ ਇੱਕਲੌਤਾ ਭਰਾ ਸੀ। 2 ਮਹੀਨੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ। ਪਰ ਨਸ਼ੇ ਦੇ ਇਸ ਜ਼ਹਿਰ ਨੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ। ਪੀੜਤ ਪਰਿਵਾਰ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਰਿਹਾ ਹੈ, ਤਾਂਕਿ ਹੋਰ ਕਿਸੇ ਘਰ ਦਾ ਚਿਰਾਗ ਨਾ ਬੁਝੇ।
ਚੰਡੀਗੜ੍ਹ ਦੇ ਸੈਕਟਰ 29 ਦਾ ਮਕਾਨ ਨੰਬਰ 491, ਘਰ 'ਚ ਮਾਤਮ ਦਾ ਮਹੌਲ ਹੈ। ਇੱਕ ਮਾਂ ਰੋ- ਕੁਰਲਾ ਰਹੀ ਐ। ਇਸ ਮਾਂ ਦੇ ਇੱਕਲੌਤੇ ਨੌਜਵਾਨ ਪੁੱਤਰ ਸੰਦੀਪ ਦੀ ਅਚਾਨਕ ਮੌਤ ਹੋ ਗਈ ਹੈ। ਪਰ ਇਹ ਮੌਤ ਸਧਾਰਨ ਨਹੀਂ ਐ। ਸੰਦੀਪ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਚੱਲਦੇ ਹੋਈ ਹੈ। ਸੰਦੀਪ 2 ਭੈਣਾਂ ਇੱਕਲੌਤਾ ਭਰਾ ਸੀ। ਘਰ 'ਚ ਉਸ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ। ਪਰ ਜੋ ਹੋਇਆ ਉਹ ਸ਼ਾਇਦ ਕਿਸੇ ਨੇ ਕਦੇ ਨਹੀਂ ਸੋਚਿਆ ਸੀ। ਪਰਿਵਾਰ ਮੁਤਾਬਕ ਸੰਦੀਪ ਭੈੜੀ ਸੰਗਤ ਦਾ ਸ਼ਿਕਾਰ ਸੀ। ਮੌਤ ਤੋਂ ਇੱਕ ਦਿਨ ਪਹਿਲਾਂ ਵੀ ਉਹ ਆਪਣੇ ਇੱਕ ਦੋਸਤ ਕੋਲ ਜਾਣ ਦਾ ਕਹਿ ਕੇ ਗਿਆ, ਪਰ ਆਈ ਉਸ ਦੀ ਮੌਤ ਦੀ ਖਬਰ।
ਸੰਦੀਪ ਦੀ ਲਾਸ਼ ਸੈਕਟਰ 29 ਦੇ ਇੱਕ ਸਲੂਨ 'ਚੋਂ ਮਿਲੀ। ਇਹ ਸਲੂਨ ਉਸ ਦੇ ਇੱਕ ਦੋਸਤ ਜੱਗੇ ਦੇ ਰਿਸ਼ਤੇਦਾਰ ਦਾ ਹੈ। ਜੱਗਾ ਹੀ ਉਸ ਨੂੰ ਰਾਤ ਵੇਲੇ ਇੱਥੇ ਛੱਡ ਕੇ ਗਿਆ। ਸਵੇਰ ਵੇਲੇ ਜਦ ਆਸਪਾਸ ਦੇ ਲੋਕਾਂ ਨੇ ਦੇਖਇਆ ਕਿ ਕੁਰਸੀ 'ਤੇ ਕੋਈ ਪਿਆ ਹੈ ਤੇ ਕੋਈ ਹਰਕਤ ਨਹੀਂ ਹੋ ਰਹੀ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਐਸਐਚਓ ਦਵਿੰਦਰ ਸਿੰਘ ਮੁਤਾਬਕ ਲਾਸ਼ ਦਾ ਪੋਸਟਮਾਟਮ ਕਰਵਾਇਆ ਗਿਆ ਹੈ। ਪਰ ਸ਼ੁਰੂਆਤੀ ਜਾਂਚ ਤੇ ਪੁੱਛਗਿੱਛ ਤੋਂ ਬਾਅਦ ਮਾਮਲਾ ਡਰੱਗ ਓਵਰਡੋਜ਼ ਦਾ ਹੈ। ਹਾਲਾਂਕਿ ਵਿਸਰਾ ਰਿਪੋਰਟ ਆਉਣ 'ਚ ਅਜੇ ਸਮਾਂ ਲੱਗੇਗਾ, ਜਿਸ ਤੋਂ ਬਾਅਦ ਨਸ਼ੇ ਦੀ ਡੋਜ਼ ਜਾਂ ਹੋਰ ਕਾਰਨ ਸਪੱਸ਼ਟ ਹੋ ਸਕਣਗੇ।
ਅੱਜ ਇਸ ਮਾਂ ਦਾ ਲਾਲ ਤਾਂ ਗਵਾਚ ਚੁੱਕਾ ਹੈ, ਪਰ ਉਹ ਚਾਹੁੰਦੇ ਹਨ ਕੇ ਕਿਸੇ ਹੋਰ ਮਾਂ ਦੀ ਗੋਦ ਨਾਂ ਉੱਜੜੇ। ਪਰਿਵਾਰ ਸੰਦੀਪ ਦੀ ਮੌਤ ਤੇ ਉਸ ਨੂੰ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਤਾਂ ਕਿ ਕਿਸੇ ਹੋਰ ਘਰ ਦਾ ਚਿਰਾਗ ਨਸ਼ੇ ਕਾਰਨ ਨਾ ਬੁਝੇ।