ਮੁਕਤਸਰ: ਐਸਐਚਓ ਆਪਣੇ ਹੀ ਥਾਣੇ ਦੇ ਹਵਾਲਾਤ 'ਚ ਹੋਇਆ ਬੰਦ। ਇਹ ਸੱਚ ਹੈ। ਖਬਰ ਮੁਕਤਸਰ ਦੇ ਮਲੋਟ ਤੋਂ ਹੈ। ਸਥਾਨਕ ਸਿਟੀ ਥਾਣੇ ਦੇ ਐਸਐਚਓ ਨੂੰ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਐਸਐਚਓ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਹੈ। ਹਾਲਾਂਕਿ ਉਸ ਦੇ ਨਾਲ ਨਾਮਜਦ 2 ਹੌਲਦਾਰ ਤੇ ਇੱਕ ਹੋਮਗਾਰਡ ਜਵਾਨ ਅਜੇ ਗ੍ਰਿਫਤ 'ਚੋਂ ਬਾਹਰ ਹਨ।

 

 

ਦਰਅਸਲ ਥਾਣਾ ਸਿਟੀ ਮਲੋਟ ਦੇ ਐਸਐਚਓ ਧਰਮਪਾਲ ਨੇ ਸਵੇਰੇ ਆਪਣੇ ਥਾਣੇ ਦੇ 2 ਹੌਲਦਾਰਾਂ ਤੇ ਇੱਕ ਹੋਮਗਾਰਡ ਜਵਾਨ ਖਿਲਾਫ ਨਸ਼ਾ ਤਸਕਰ ਦੀ ਮਦਦ ਕਰਨ ਦੇ ਇਲਜ਼ਾਮਾਂ ਹੇਠ ਮਾੰਮਲਾ ਦਰਜ ਕੀਤੀ ਸੀ। ਪਰ ਸ਼ਾਮ ਹੁੰਦੇ ਹੁੰਦੇ ਜਦ ਮਾਮਲਾ ਉੱਚ ਅਫਸਰਾਂ ਦੀ ਜਾਂਚ 'ਚੋਂ ਲੰਘਿਆ ਤਾਂ ਖੁਦ ਥਾਣੇ ਦਾ ਐਸਐਚਓ ਵੀ ਇਸ ਮਾਮਲੇ 'ਚ ਨਾਮਜਦ ਹੋ ਗਿਆ। ਇਲਜ਼ਾਮ ਹਨ ਕਿ ਇੱਕ ਨਸ਼ਾ ਤਸਕਰ ਨੂੰ ਛੱਡਣ ਬਦਲੇ ਉਸ ਤੋਂ ਹੌਲਦਾਰਾਂ ਤੇ ਹੋਮਗਾਰਡ ਜਵਾਨ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਇਲਜ਼ਾਮ ਹਨ ਕਿ ਇਹ ਪੈਸਾ ਐਸਐਚਓ ਧਰਮਪਾਲ ਲਈ ਹੀ ਲਿਆ ਗਿਆ ਸੀ।

 

 

ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੌਲਦਾਰ ਬਲਰਾਜ ਤੇ ਹੌਲਦਾਰ ਰਸ਼ਪਾਲ ਸਮੇਤ ਹੋਮਗਾਰਡ ਜਵਾਨ ਭੁਪਿੰਦਰ ਸਿੰਘ ਅਜੇ ਗ੍ਰਿਫਤ 'ਚੋਂ ਬਾਹਰ ਹਨ। ਪੁਲਿਸ ਇਹਨਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕਰ ਰਹੀ ਹੈ।