ਸੰਗਰੂਰ: ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਖ਼ਿਲਾਫ ਸੰਗਰੂਰ ਪੁਲਿਸ ਨੇ ਅਦਾਲਤ ਤੋਂ ਗ੍ਰਿਫਤਾਰੀ ਵਰੰਟ ਹਾਸਲ ਕਰ ਲਿਆ ਹੈ ਤੇ ਹੁਣ ਕਿਸੇ ਵੀ ਸਮੇਂ ਯਾਦਵ ਦੀ ਗ੍ਰਿਫਤਾਰੀ ਹੋ ਸਕਦੀ ਹੈ। ਸੰਗਰੂਰ ਪੁਲਿਸ ਦਾ ਕਹਿਣਾ ਹੈ ਕਿ ਯਾਦਵ ਦੀ ਗ੍ਰਿਫਤਾਰ ਲਈ ਉਨ੍ਹਾਂ ਕੋਲ ਕਾਫੀ ਪੁਖ਼ਤਾ ਸਬੂਤ ਹਨ ਤੇ ਇਸੇ ਦੇ ਅਧਾਰ 'ਤੇ ਯਾਦਵ ਦੀ ਗ੍ਰਿਫਤਾਰੀ ਹੋਵੇਗੀ।
ਇਸ ਤੋਂ ਪਹਿਲਾਂ ਸੰਗਰੂਰ ਪੁਲਿਸ ਨੇ ਯਾਦਵ ਸਮੇਤ ਕੁੱਲ 6 ਲੋਕਾਂ ਤੋਂ 8 ਘੰਟੇ ਤੱਕ ਪੁੱਛਗਿਛ ਕੀਤੀ ਸੀ। ਪੁੱਛਗਿਛ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਨਰੇਸ਼ ਯਾਦਵ ਖਿਲਾਫ ਪੁਖ਼ਤਾ ਸਬੂਤ ਮਿਲੇ ਹਨ। ਇਸ ਮੌਕੇ ਨਰੇਸ਼ ਯਾਦਵ ਨੇ ਪੁਲਿਸ 'ਤੇ ਜ਼ਿਆਦਤੀ ਕਰਨ ਦੇ ਦੋਸ਼ ਲਗਾਏ ਸਨ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹੁਣ ਵੀ ਇਸ ਮਾਮਲੇ 'ਚ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਮਲੇਰਕੋਟਲਾ ਬੇਅਦਬੀ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ 'ਚੋਂ ਵਿਜੇ ਕੁਮਾਰ ਨਾਮਕ ਮੁਲਜ਼ਮ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦਾ ਬੇਅਦਬੀ ਪਿੱਛੇ ਹੱਥ ਹੋਣਾ ਦੱਸਿਆ ਸੀ। ਜਿਸਤੋਂ ਬਾਅਦ ਪੁਲਿਸ ਵੱਲੋਂ ਨਰੇਸ਼ ਯਾਦਵ ਕੋਲੋਂ ਲਗਾਤਾਰ ਪੁੱਛਗਿਛ ਕੀਤੀ ਗਈ ਸੀ ।