ਐਸਐਸਪੀ ਮਨਮਿੰਦਰ ਸਿੰਘ ਨੂੰ ਅੰਤਿਮ ਵਿਦਾਈ
ਏਬੀਪੀ ਸਾਂਝਾ | 24 Jul 2016 11:45 AM (IST)
ਜਲੰਧਰ: ਫਿਰੋਜਪੁਰ ਦੇ ਮਰਹੂਮ ਐਸਐਸਪੀ ਮਨਮਿੰਦਰ ਸਿੰਘ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਲੰਧਰ ਜਿਲ੍ਹੇ 'ਚ ਉਨ੍ਹਾਂ ਦੇ ਪਿੰਡ ਹਰਨੰਦਾਸਪੁਰਾ 'ਚ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ ਸਮੇਤ ਕਈ ਉੱਚ ਅਫਸਰ ਤੇ ਲੀਡਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਐਸ.ਐਸ.ਪੀ. ਮਨਮਿੰਦਰ ਸਿੰਘ ਦੀ ਕੱਲ੍ਹ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 48 ਵਰ੍ਹਿਆਂ ਦੇ ਸਨ ਤੇ ਪਿਛਲੇ ਦੋ ਮਹੀਨੇ ਤੋਂ ਫ਼ਿਰੋਜ਼ਪੁਰ ਵਿੱਚ ਤਾਇਨਾਤ ਸਨ। ਉਹ ਸਵੇਰੇ ਜਲਦੀ ਉੱਠੇ ਤੇ ਡਿਊਟੀ ਲਈ ਤਿਆਰ ਹੋਏ। ਇਸ ਤੋਂ ਕੁਝ ਦੇਰ ਬਾਅਦ ਉਨ੍ਹਾਂ ਦੇ ਸੁਰੱਖਿਆ ਅਮਲੇ ਨੇ ਦੇਖਿਆ ਕਿ ਉਹ ਬੈੱਡ ਉੱਤੇ ਡਿੱਗੇ ਪਏ ਹਨ। ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਉਹ ਆਪਣੇ ਪਿੱਛੇ ਪਤਨੀ, ਇੱਕ ਬੇਟਾ ਤੇ ਇੱਕ ਬੇਟੀ ਛੱਡ ਗਏ ਹਨ।