'ਆਪ' ਕਿਉਂ ਨਹੀਂ ਵੰਡ ਰਹੀ ਟਿਕਟਾਂ?
ਏਬੀਪੀ ਸਾਂਝਾ | 24 Jul 2016 09:24 AM (IST)

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਜੁਲਾਈ ਦੇ ਪਹਿਲੇ ਹਫ਼ਤੇ ਟਿਕਟਾਂ ਵੰਡਣ ਦਾ ਐਲਾਨ ਕੀਤਾ ਸੀ। ਫੇਰ ਇਹ ਤਾਰੀਖ਼ 20 ਜੁਲਾਈ ਤੈਅ ਕੀਤੀ ਗਈ। ਪਰ ਹਾਲ ਇਹ ਹੈ ਕਿ ਵਾਰ ਵਾਰ ਐਲਾਨ ਦੇ ਬਾਵਜੂਦ ਟਿਕਟਾਂ ਨਹੀਂ ਵੰਡੀਆਂ ਜਾ ਰਹੀਆਂ। ਹਰ ਕਿਸੇ ਦੇ ਮਨ 'ਚ ਸਵਾਲ ਹੈ ਕਿ ਟਿਕਟਾਂ ਕਿਉਂ ਨਹੀਂ ਵੰਡੀਆਂ ਜਾ ਰਹੀਆਂ? ਸੂਤਰਾਂ ਮੁਤਾਬਕ ਨਵਜੋਤ ਸਿੱਧੂ ਦੀ ਐਂਟਰੀ ਤੋਂ ਬਾਅਦ ਪਾਰਟੀ 'ਚ ਵਿਰੋਧਤਾਈਆਂ ਵਧੀਆਂ ਹਨ ਤੇ ਹੁਣ 'ਆਪ' ਨਵੇਂ ਵਿਵਾਦਾਂ ਤੋਂ ਬਚਣਾ ਚਾਹੁੰਦੀ ਹੈ। ਜੇ ਟਿਕਟਾਂ ਦੀ ਵੰਡ ਹੁੰਦੀ ਹੈ ਤਾਂ ਪਾਰਟੀ 'ਚ ਨਵੇਂ ਵਿਰੋਧੀ ਸੁਰ ਵੀ ਉੱਠਣਗੇ ਕਿਉਂਕਿ ਪਹਿਲਾਂ ਹੀ ਕੁਝ ਹਲਕਿਆਂ 'ਚ ਕਈ ਲੀਡਰਾਂ ਦਾ ਜਬਰਦਸਤ ਵਿਰੋਧ ਹੋ ਰਿਹਾ ਹੈ। ਕੁਝ ਪੁਰਾਣੇ ਕਾਂਗਰਸੀ ਤੇ ਅਕਾਲੀ ਆਗੂਆਂ ਨੂੰ ਟਿਕਟਾਂ ਨਾ ਦੇਣ ਸਬੰਧੀ ਪਾਰਟੀ ਕੋਲ ਮੁੱਦੇ ਵੀ ਉੱਠ ਚੁੱਕੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ 'ਚ ਇਕ ਇਕ ਸੀਟ 'ਤੇ ਟਿਕਟਾਂ ਦੇ ਕਈ ਕਈ ਦਾਅਵੇਦਾਰ ਹਨ ਤੇ ਇਸੇ ਲਈ ਪਾਰਟੀ 'ਚ ਟਿਕਟਾਂ ਦੀ ਵੰਡ ਵੇਲੇ ਪੰਗਾ ਪੈਣਾ ਤੈਅ ਹੈ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸੇ ਵਿਵਾਦ ਦੀ ਉਡੀਕ 'ਚ ਹੈ ਕਿਉਂਕਿ ਉਹ ਇਸ ਤੋਂ ਆਪਣਾ ਸਿਆਸੀ ਫਾਇਦਾ ਉਠਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਟਿਕਟਾਂ ਦੇ ਮਾਮਲੇ 'ਚ 'ਆਪ' ਬੋਚ ਬੋਚ ਪੱਬ ਧਰ ਰਹੀ ਹੈ। 'ਆਪ' ਵੱਲੋਂ ਟਿਕਟਾਂ ਦੇ ਦਾਅਵੇਦਾਰਾਂ ਨੂੰ ਲੌਲੀਪੋਪ ਦੇਣ ਦਾ ਕਾਰਨ ਇਹ ਵੀ ਹੈ ਕਿ ਉਹ ਚੋਣ ਤੱਕ ਕਿਸੇ ਹੋਰ ਪਾਰਟੀ ਜਾਂ ਆਜ਼ਾਦ ਤੌਰ 'ਤੇ ਚੋਣ ਲੜਨ ਬਾਰੇ ਨਾ ਸੋਚਣ। ਇਹੀ ਕਾਰਨ ਹੈ ਕਿ ਵਾਰ ਵਾਰ ਟਿਕਟਾਂ ਵੰਡਣ ਦੀ ਗੱਲ ਜ਼ਰੂਰ ਕਹੀ ਜਾਂਦੀ ਹੈ ਪਰ ਟਿਕਟਾਂ ਨਹੀਂ ਵੰਡੀਆਂ ਜਾਂਦੀਆਂ।