ਅੰਮ੍ਰਿਤਸਰ- ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਜਹਾਂਗੀਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


 

ਮਿਲੀ ਜਾਣਕਾਰੀ ਮੁਤਾਬਿਕ ਕੁੱਝ ਅਣਪਛਾਤੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਪਾਵਨ ਸਰੂਪ ਦੇ ਅੰਗ ਪਾੜੇ ਗਏ ਹਨ। ਦਰਅਸਲ ਸ਼ਨੀਵਾਰ ਨੂੰ ਆਈ ਤੇਜ਼ ਬਾਰਸ਼ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਪਾਣੀ ਭਰ ਗਿਆ ਸੀ। ਜਿਸ ਦੇ ਚੱਲਦੇ ਪਿੰਡ ਵਾਲਿਆਂ ਵੱਲੋਂ ਪਾਣੀ ਬਾਹਰ ਕੱਢਣ ਤੋਂ ਬਾਅਦ ਗੁਰਦਵਾਰੇ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਗਿਆ। ਪਰ ਜਦੋਂ ਸ਼ਾਮ ਵੇਲੇ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਨ ਲਈ ਪੁੱਜੀਆਂ ਤਾਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚੋਂ ਕੁੱਝ ਅੰਗ ਗ਼ਾਇਬ ਸਨ।

 

ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ। ਪੁਲਿਸ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੀ ਮੌਕੇ ਤੇ ਪੁੱਜੇ। ਉਨ੍ਹਾਂ ਨੇ ਪ੍ਰਭਾਵਿਤ ਸਰੂਪ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।