ਕਪੂਰਥਲਾ: ਝੁੱਗੀਆਂ 'ਚ ਜਾ ਵੜਿਆ ਟਰੱਕ, ਮੌਤ ਦਾ ਤਾਂਡਵ
ਏਬੀਪੀ ਸਾਂਝਾ | 05 Aug 2016 06:56 AM (IST)
ਕਪੂਰਥਲਾ: ਸ਼ਹਿਰ 'ਚ ਵਾਪਰਿਆ ਦਰਦਨਾਕ ਹਾਦਸਾ। ਸਥਾਨਕ ਰੇਲ ਕੋਚ ਫੈਕਟਰੀ ਨੇੜੇ ਇੱਕ ਟਰੱਕ ਨੇ 4 ਲੋਕਾਂ ਨੂੰ ਕੁਚਲ ਦਿੱਤਾ। ਇਸ ਭਿਆਨਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਦੋ ਲੋਕ ਗੰਭੀਰ ਜਖਮੀ ਹੋਏ ਹਨ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਰੇਲ ਕੋਚ ਫੈਕਟਰੀ ਦੇ ਸਾਹਮਣੇ ਬਣੀਆਂ ਝੁੱਗੀਆਂ 'ਚ ਰਹਿ ਰਹੇ ਲੋਕ ਬਾਹਰ ਸੌਂ ਰਹੇ ਸਨ। ਇਸੇ ਦੌਰਾਨ ਅਚਾਨਕ ਇੱਕ ਕੰਕਰੀਟ ਦਾ ਭਰਿਆ ਟਰੱਕ ਇਨ੍ਹਾਂ 'ਤੇ ਜਾ ਚੜ੍ਹਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਲੋਕ ਬੁਰੀ ਤਰ੍ਹਾਂ ਕੁਚਲੇ ਗਏ ਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਕਾਫੀ ਦੇਰ ਤੱਕ ਲਾਸ਼ਾਂ ਵੀ ਟਰੱਕ ਹੇਠਾਂ ਦੱਬੀਆਂ ਰਹੀਆਂ। ਕਾਫੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ਦੌਰਾਨ ਜ਼ਖ਼ਮੀ ਹੋਏ ਦੋ ਲੋਕਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।