ਮਾਨਸਾ: ਕਰਜ ਦੀ ਮਾਰ ਨੇ ਇੱਕ ਹੋਰ ਜਿੰਦਗੀ ਨੂੰ ਨਿਗਲ ਲਿਆ ਹੈ। ਖਬਰ ਮਾਨਸਾ ਜਿਲ੍ਹੇ ਦੇ ਬੋਹਾ ਨੇੜਲੇ ਪਿੰਡ ਆਲਮਪੁਰ ਮੰਦਰਾਂ ਤੋਂ ਹੈ। ਜਿੱਥੇ ਇੱਕ ਮਜ਼ਦੂਰ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਇਹ ਗਰੀਬ ਘਰ ਦੇ ਮੰਦੇ ਹਲਾਤਾਂ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦਾ ਪਿਤਾ ਕਾਫੀ ਸਮੇਂ ਤੋਂ ਬਿਮਾਰ ਸੀ। ਪਰ ਗਰੀਬੀ ਕਾਰਨ ਉਹ ਆਪਣੇ ਪਿਤਾ ਦਾ ਇਲਾਜ ਨਹੀਂ ਕਰਵਾ ਪਾ ਰਿਹਾ ਸੀ। ਇਹ ਪ੍ਰੇਸ਼ਾਨੀ ਉਸ ਨੂੰ ਲਗਾਤਾਰ ਘੁਣ ਵਾਂਗ ਖਾ ਰਹੀ ਸੀ। ਆਖਰ ਇਸ ਬੇਬੱਸ ਪੁੱਤ ਨੇ ਮੌਤ ਦਾ ਰਾਸਤਾ ਚੁਣ ਲਿਆ।
ਜਾਣਕਾਰੀ ਮੁਤਾਬਕ 22 ਸਾਲਾ ਗੁਰਮੇਲ ਸਿੰਘ ਦੇ ਪਿਤਾ ਬਹਾਦਰ ਸਿੰਘ ਕਾਫੀ ਸਮੇਂ ਤੋਂ ਬਿਮਾਰ ਸਨ। ਇਲਾਜ ਲਈ ਪੈਸੇ ਦੀ ਜਰੂਰਤ ਸੀ। ਪਰ ਘਰ ਦੇ ਆਰਥਿਕ ਹਲਾਤ ਇੰਨੇ ਕਮਜੋਰ ਸਨ ਕਿ ਗੁਜਾਰਾ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਅਜਿਹੇ ਪਿਤਾ ਦਾ ਇਲਾਜ ਨਾ ਕਰਵਾ ਸਕਣ 'ਤੇ ਘਰ ਦੇ ਹਲਾਤਾਂ ਤੋਂ ਪ੍ਰੇਸ਼ਾਨ ਗੁਰਮੇਲ ਨੇ ਘਰ ਅੰਦਰ ਪੱਖੇ ਨਾਲ ਫਾਹਾ ਲੈ ਲਿਆ। ਬੋਹਾ ਪੁਲੀਸ ਨੇ 174 ਦੀ ਕਾਰਵਾਈ ਕਰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।