ਬਠਿੰਡਾ/ਮਾਨਸਾ: ਕਰਜ਼ ਦੇ ਨਾਗ ਨੇ 2 ਹੋਰ ਕਿਸਾਨਾਂ ਨੂੰ ਡੰਗ ਲਿਆ ਹੈ। ਖਬਰ ਪੰਜਾਬ ਦੇ ਬਠਿੰਡਾ ਤੇ ਮਾਨਸਾ ਜਿਲ੍ਹੇ ਤੋਂ ਹੈ। ਜਿੱਥੋਂ ਦੇ 2 ਕਿਸਾਨਾਂ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਬਾਲਿਆਂਵਾਲੀ ਦਾ ਹੈ ਤੇ ਦੂਸਰੀ ਘਟਨਾ ਮਾਨਸਾ ਦੇ ਪਿੰਡ ਭਾਈ ਬਖਤੌਰ 'ਚ ਵਾਪਰੀ ਹੈ। ਦੋਨਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ ਸੀ।

 

 

ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਬਾਲਿਆਵਾਂਲੀ ਦੇ 28 ਸਾਲਾ ਕਿਸਾਨ ਹਰਚੇਤ ਸਿੰਘ ਕੋਲ ਸਿਰਫ 1 ਏਕੜ ਜਮੀਨ ਸੀ। ਅਜਿਹੇ 'ਚ ਉਹ ਜਮੀਨ ਠੇਕੇ 'ਤੇ ਲੈ ਕੇ ਘਰ ਦਾ ਗੁਜਾਰਾ ਚਲਾ ਰਿਹਾ ਸੀ। ਹਰਚੇਤ ਦੀ ਮਾਂ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਹੋਣ ਕਾਰਨ ਉਸ ਦਾ ਇਲਾਜ਼ ਕਰਵਾਉਣਾ ਵੀ ਮੁਸ਼ਕਲ ਹੋ ਰਿਹਾ ਸੀ। ਕਿਸੇ ਤਰਾਂ ਕਰਜ ਚੁੱਕ ਕੇ ਉਹ ਆਪਣੀ ਬਿਮਾਰ ਮਾਂ ਦਾ ਇਲਾਜ ਕਰਵਾ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਇਸੇ ਤਰਾਂ ਉਸ ਦੇ ਸਿਰ ਲੱਖਾਂ ਦਾ ਕਰਜ ਆ ਚੜਿਆ। ਅਜਿਹੇ 'ਚ ਉਹ ਲਗਾਤਾਰ ਪ੍ਰੇਸ਼ਾਨ ਰਹਿਣ ਲੱਗਾ। ਆਖਰ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਹਰਚੇਤ ਦੇ ਪਿੱਛੇ ਪਤਨੀ ਤੇ 2 ਸਾਲਾ ਦਾ ਪੁੱਤਰ ਹੈ।

 

 

ਦੂਸਰਾ ਮਾਮਲਾ ਮਾਨਸਾ ਜਿਲ੍ਹੇ ਦੇ ਪਿੰਡ ਭਾਈ ਬਖਤੌਰ ਦਾ ਹੈ। ਇੱਥੋਂ ਦੇ 42 ਸਾਲਾ ਕਿਸਾਨ ਮਨਜੀਤ ਸਿੰਘ ਕੋਲ ਸਿਰਫ ਸਵਾ ਏਕੜ ਜਮੀਨ ਸੀ। ਇਸ ਚੋਂ ਵੀ 9 ਕਨਾਲ ਜਮੀਨ ਵਿਕ ਚੁੱਕੀ ਸੀ। 3 ਕਨਾਲ ਜਮੀਨ 'ਤੇ ਬੈਂਕ ਦੀ ਕੁਰਕੀ ਦਾ ਨੋਟਿਸ ਆਇਆ ਹੋਇਆ ਸੀ। ਅਜਿਹੇ ਹਲਾਤਾਂ 'ਚ ਮਨਜੀਤ ਸਿੰਘ ਨੂੰ ਕਿਸੇ ਪਾਸੇ ਤੋਂ ਵੀ ਘਰ ਚਲਾਉਣ ਦਾ ਕੋਈ ਰਾਸਤਾ ਨਜਰ ਨਹੀਂ ਆ ਰਿਹਾ ਸੀ। ਉੱਪਰੋਂ ਕਰਜ ਲਗਾਤਾਰ ਵਧਦਾ ਜਾ ਰਿਹਾ ਸੀ। ਆਖਰ ਪ੍ਰੇਸ਼ਾਨ ਹੋਏ ਇਸ ਅੰਨਦਾਤਾ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਦੀ ਇੱਕ ਲੜਕੀ ਵਿਆਹੀ ਹੋਈ ਹੈ, ਜਦਕਿ ਇੱਕ ਲੜਕਾ ਤੇ ਲੜਕੀ ਕੁਆਰੇ ਹਨ।