ਮਾਨਸਾ: ਕਰਜ ਦੀ ਮਾਰ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਹੈ। ਖਬਰ ਮਾਨਸਾ ਦੇ ਮੌੜ ਮੰਡੀ ਤੋਂ ਹੈ। ਇੱਥੋਂ ਦੇ ਪਿੰਡ ਭੈਣੀ ਚੂਹੜ ਵਾਸੀ ਕਿਸਾਨ ਜਸਵੀਰ ਸਿੰਘ ਨੇ ਕਰਜ਼ੇ ਤੋਂ ਦੁਖੀ ਹੋਣ ਕਾਰਨ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕੋਲ ਸਿਰਫ ਨਾ ਮਾਤਰ ਹੀ ਜਮੀਨ ਸੀ। ਪਰ ਕਰਜ ਕਾਫੀ ਚੜ ਗਿਆ ਸੀ। ਇਸੇ ਪ੍ਰੇਸ਼ਾਨੀ ਨੇ ਕਿਸਾਨ ਨੂੰ ਮੌਤ ਦੇ ਮੂੰਹ 'ਚ ਜਾਣ ਲਈ ਮਜਬੂਰ ਕਰ ਦਿੱਤਾ।


ਜਾਣਕਾਰੀ ਮੁਤਾਬਕ 35 ਸਾਲਾ ਕਿਸਾਨ ਜਸਵੀਰ ਸਿੰਘ ਨੇ ਬੀਤੀ ਸ਼ਾਮ ਕੀਟਨਾਸ਼ਕ ਦਵਾਈ ਪੀ ਲਈ ਸੀ। ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ। ਪਰ ਇੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੇ ਬੇਟਾ-ਬੇਟੀ ਛੱਡ ਗਿਆ ਹੈ।

ਜਸਵੀਰ ਸਿੰਘ ਕੋਲ ਸਿਰਫ ਅੱਧਾ ਏਕੜ ਜ਼ਮੀਨ ਸੀ। ਇੰਨੀ ਥੋੜੀ ਜਮੀਨ 'ਚੋਂ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਲ ਸੀ। ਮਜਬੂਰਨ ਉਹ ਕਰਜਾ ਚੁੱਕ ਕੇ ਘਰ ਚਲਾ ਰਿਹਾ ਸੀ। ਅਜਿਹੇ 'ਚ ਉਸ ਦੇ ਸਿਰਕਰੀਬ ਢਾਈ ਲੱਖ ਰੁਪਏ ਕਰਜ ਚੜ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਕਿਸਾਨ ਜਥੇਬੰਦੀਆਂ ਨੇ  ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੇ ਸਾਰੇ ਕਰਜ਼ੇ ਨੂੰ ਮੁਆਫ ਕਰਨ , 10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।