ਚੰਡੀਗੜ੍ਹ: ਕਾਂਗਰਸ ਵੱਲੋਂ ਲੁਧਿਆਣਾ ‘ਚ ਦੁਸ਼ਹਿਰੇ ਮੌਕੇ ਚਿੱਟਾ ਰਾਵਣ ਫੂਕਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਬਾਦਲ ਦੇ ਘਰ ਬਾਹਰ ਲਗਾਇਆ ਧਰਨਾ ਲਗਾਤਾਰ ਜਾਰੀ ਹੈ। ਕਾਂਗਰਸ ਲੀਡਰਾਂ ਨੇ ਯੂਥ ਅਕਾਲੀ ਦਲ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਕੱਲ੍ਹ ਤੋਂ ਧਰਨਾ ਲਗਾਇਆ ਹੋਇਆ ਹੈ। ਇਨ੍ਹਾਂ ‘ਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਸਮੇਤ ਕਈ ਹੋਰ ਵਿਧਾਇਕ ਤੇ ਸਾਂਸਦ ਸ਼ਾਮਲ ਹਨ। ਹਾਲਾਂਕਿ ਮੁੱਖ ਮੰਤਰੀ ਬਾਦਲ ਕੱਲ੍ਹ ਦੋ ਵਾਰ ਕਾਂਗਰਸੀ ਲੀਡਰਾਂ ਨਾਲ ਗੱਲਬਾਤ ਕਰਨ ਲਈ ਬਾਹਰ ਆਏ ਸਨ, ਪਰ ਕਾਂਗਰਸੀ ਮੰਨਣ ਨੂੰ ਤਿਆਰ ਨਹੀਂ ਹਨ। ਉਹ ਲੁਧਿਆਣਾ ਮਾਮਲੇ 'ਚ ਕਾਰਵਾਈ ਕੀਤੇ ਜਾਣ ਤੱਕ ਧਰਨਾ ਨਾ ਚੁੱਕਣ 'ਤੇ ਅੜੇ ਹੋਏ ਹਨ। ਸਾਂਸਦ ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਗਾਇਆ ਹੈ ਕਿ ਯੂਥ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਸੀ।
ਕੱਲ੍ਹ ਸਵੇਰ ਵੇਲੇ ਸ਼ੁਰੂ ਕੀਤਾ ਧਰਨਾ ਪੂਰਾ ਦਿਨ ਤੇ ਰਾਤ ਤੋਂ ਬਾਅਦ ਅੱਜ ਦੂਜੇ ਦਿਨ ਵੀ ਜਾਰੀ ਹੈ। ਧਰਨੇ ‘ਤੇ ਬੈਠੇ ਕਾਂਗਰਸ ਆਗੂਆਂ ਨੂੰ ਮਿਲਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਸਵੇਰ ਵੇਲੇ ਕੋਠੀ ਤੋਂ ਬਾਹਰ ਆਏ ਤੇ ਗੱਲਬਾਤ ਕਰ ਭਰੇਸੋ ‘ਚ ਲੈਣ ਦੀ ਕੋਸ਼ਿਸ਼ ਕੀਤੀ। ਬਾਦਲ ਨੇ ਉਨ੍ਹਾਂ ਦੇ ਸਾਹਮਣੇ ਹੀ ਡੀਜੀਪੀ ਨੂੰ ਨਿੱਜੀ ਤੌਰ ‘ਤੇ ਇਸ ਮਾਮਲੇ ਦੀ ਜਾਂਚ ਕਰਨ ਤੇ ਤਿੰਨ ਦਿਨਾਂ ‘ਚ ਰਿਪੋਰਟ ਦਾਖਲ ਕਰਨ ਦੇ ਹੁਕਮ ਵੀ ਦਿੱਤੇ। ਪਰ ਮੁੱਖ ਮੰਤਰੀ ਦਾ ਭਰੋਸਾ ਕਾਂਗਰਸ ਆਗੂਆਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਸਕਿਆ। ਇਸ ਤੋਂ ਬਾਅਦ ਮੁੱਖ ਮੰਤਰੀ ਬਾਦਲ ਸ਼ਾਮ ਵੇਲੇ ਫਿਰ ਬਾਹਰ ਆਏ ਤੇ ਗੱਲਬਾਤ ਕੀਤੀ, ਪਰ ਇਸ ਵਾਰ ਵੀ ਗੱਲਬਾਤ ਬੇਨਤੀਜਾ ਰਹੀ। ਪ੍ਰਦਰਸ਼ਨਕਾਰੀ ਕਾਂਗਰਸ ਲੀਡਰਾਂ ਨੇ ਯੂਥ ਅਕਾਲੀ ਦਲ ਦੇ ਆਗੂਆਂ ਖਿਲਾਫ ਕੇਸ ਦਰਜ ਕਰਨ ਤੇ ਯੂਥ ਕਾਂਗਰਸ ਦੇ ਗ੍ਰਿਫਤਾਰ ਕੀਤੇ ਵਰਕਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਮੰਗ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਦੇ ਪਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਵੀ ਮਾਮਲੇ ‘ਚ ਗਲਤ ਕਾਰਵਾਈ ਕਰਨ ਵਜੋਂ ਸਸਪੈਂਡ ਕੀਤਾ ਜਾਵੇ।
ਦਰਅਸਲ ਦੁਸ਼ਹਿਰੇ ਮੌਕੇ ਕਾਂਗਰਸ ਲੁਧਿਆਣਾ ‘ਚ ਨਸ਼ਿਆਂ ਖਿਲਾਫ ਚਿੱਟਾ ਰਾਵਣ ਫੂਕਣਾ ਚਾਹੁੰਦੀ ਸੀ। ਇਸ ਗੱਲ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਝੜਪ ਹੋ ਗਈ ਸੀ। ਕਾਂਗਰਸ ਦੇ ਇਲਜ਼ਾਮਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ‘ਚ ਇੱਕਤਰਫਾ ਕਾਰਵਾਈ ਕਰਦਿਆਂ ਯੂਥ ਕਾਂਗਰਸ ਆਗੂਆਂ ਖਿਲਾਫ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਯੂਥ ਅਕਾਲੀ ਦਲ ਦੇ ਕਿਸੇ ਆਗੂ ਖਿਲਾਫ ਕਾਰਵਾਈ ਨਹੀਂ ਕੀਤੀ ਗਈ।