ਅੰਮ੍ਰਿਤਸਰ: ਅੱਜ ਜਿਲ੍ਹਾ ਅਦਾਲਤ 'ਚ ਪੇਸ਼ੀ ਭੁਗਤਣ ਆਏ ਅਰਵਿੰਦ ਕੇਜਰੀਵਾਲ ਦੇ ਹੱਕ ਤੇ ਵਿਰੋਧ 'ਚ ਪ੍ਰਦਰਸ਼ਨ ਹੋਏ। ਕੇਜਰੀਵਾਲ ਦੀ ਪੇਸ਼ੀ ਸਮੇਂ ਕਚਹਿਰੀ ਦੇ ਬਾਹਰ ਤੱਕ ਵੱਡੀ ਗਿਣਤੀ 'ਆਪ' ਸਮਰਥਕ ਮੌਜੂਦ ਰਹੇ। ਉੱਚੀ ਅਵਾਜ਼ 'ਚ ਕੇਜਰੀਵਾਲ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜਦੇ ਰਹੇ। ਪਰ ਇਸੇ ਸਮੇਂ ਦੂਜੇ ਪਾਸੇ ਕੇਜਰੀਵਾਲ ਵਿਰੁੱਧ ਵੀ ਨਾਅਰੇਬਾਜ਼ੀ ਹੋ ਰਹੀ ਸੀ। ਇਹ ਪ੍ਰਦਰਸ਼ਨ ਕਰਨ ਵਾਲੇ ਸਨ ਬਿਕਰਮ ਮਜੀਠੀਆ ਦੇ ਸਮਰਥਕ ਅਕਾਲੀ ਵਰਕਰ। ਅਜਿਹੇ 'ਚ ਮਹੌਲ ਇਸ ਤਰਾਂ ਦਾ ਨਜ਼ਰ ਆ ਰਿਹਾ ਸੀ ਜਿਵੇਂ ਦੋਵੇਂ ਧਿਰਾਂ ਸ਼ਕਤੀ ਪ੍ਰਦਰਸ਼ਨ ਕਰ ਰਹੀਆਂ ਹੋਣ।

 

 

ਅਦਾਲਤ 'ਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੇਸ ਦਾਇਰ ਕਰਨ ਵਾਲੇ ਬਿਕਰਮ ਮਜੀਠੀਆ ਵੀ ਇੱਥੇ ਮੌਜੂਦ ਰਹੇ। ਪਰ ਉਨ੍ਹਾਂ ਦੇ ਨਾਲ ਇੱਕ ਵੱਡਾ ਇਕੱਠ ਅਕਾਲੀ ਵਰਕਰਾਂ ਦਾ ਵੀ ਪਹੁੰਚਿਆ ਹੋਇਆ ਸੀ। ਹੱਥਾਂ 'ਚ ਮਜੀਠੀਆ ਦੇ ਸਮਰਥਨ ਦਾ ਐਲਾਨ ਕਰਦੇ ਪੋਸਟਰ ਬੈਨਰ ਵੀ ਨਜ਼ਰ ਆ ਰਹੇ ਸਨ। ਮਜੀਠੀਆ ਜਿੰਦਾਬਾਦ ਦੇ ਨਾਅਰਿਆਂ ਦਾ ਸ਼ੋਰ ਗੂੰਜ ਰਿਹਾ ਸੀ। ਇਸ ਇਕੱਠ ਨਾਲ ਮਜੀਠੀਆ ਦੇ ਵੀ ਹੌਂਸਲੇ ਬੁਲੰਦ ਨਜ਼ਰ ਆਏ।

 

 

ਬੇਸ਼ੱਕ ਦੋਵੇਂ ਧਿਰਾਂ ਨੇ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਪਰ ਇਹ ਮਾਮਲਾ ਸ਼ਕਤੀ ਪ੍ਰਦਰਸ਼ਨ ਦਾ ਨਹੀਂ ਹੈ। ਮਜੀਠੀਆ ਵੱਲੋਂ ਕੇਜਰੀਵਾਲ ਖਿਲਾਫ ਦਾਇਰ ਮੁਕੱਦਮੇ 'ਤੇ ਅਜੇ ਅਦਾਲਤ 'ਚ ਸੁਣਵਾਈ ਹੋਣੀ ਬਾਕੀ ਹੈ। ਤੇ ਅਦਾਲਤ ਨੇ ਹੀ ਸੱਚ ਝੂਠ ਦਾ ਫੈਸਲਾ ਕਰਨਾ ਹੈ।