ਅੰਮ੍ਰਿਤਸਰ: ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮੁਜ਼ਰਮ ਵਜੋਂ ਕਟਹਿਰੇ ਵਿੱਚ ਖੜ੍ਹੇ ਹੋਣਾ ਸਿਰਫ਼ ਮੇਰੇ ਤੇ ਮੇਰੇ ਪਰਿਵਾਰ ਲਈ ਹੀ ਨਹੀਂ, ਬਲਕਿ ਸਮੂਹ ਪੰਜਾਬੀਆਂ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅੱਜ 'ਬੇਲ' ਤੇ ਛੇਤੀ ਹੀ ਜੇਲ੍ਹ ਨਾਲ ਕੇਜਰੀਵਾਲ ਦੀ ਇਸ ਬੇਬੁਨਿਆਦ ਦੂਸ਼ਣਬਾਜ਼ੀ ਦੇ ਰੁਝਾਨ ਤੋਂ ਦੇਸ਼ ਨੂੰ ਨਿਜਾਤ ਮਿਲੇਗੀ।

 

 

ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਦੇਸ਼ ਅੰਦਰ ਵੱਖਰੀ ਰਾਜਨੀਤੀ ਦੇ ਆਪਣੇ ਦਾਅਵੇ ਨੂੰ ਸਾਕਾਰ ਕਰ ਵਿਖਾਇਆ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਮੁਜ਼ਾਹਰੇ ਕਰਨ ਵਾਲੀ ਇਸ ਪਾਰਟੀ ਦੇ ਕਈ ਚੋਟੀ ਦੇ ਆਗੂ ਆਪਣੀਆਂ ਔਰਤਾਂ ਨਾਲ ਬਦਸਲੂਕੀ ਦੇ ਦੋਸ਼ਾਂ ਤਹਿਤ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਪਾਰਟੀ ਦੀ ਹੀ ਮਹਿਲਾ ਵਰਕਰ ਪਾਰਟੀ ਦੇ ਹੀ ਆਗੂ ਹੱਥੋਂ ਹੋਏ ਜਿਣਸੀ ਸ਼ੋਸ਼ਣ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਗਈ ਹੈ।

 

 

ਇੱਥੇ ਹੀ ਬੱਸ ਨਹੀਂ ਉਸ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਦੀ ਸੁਰੱਖਿਆ ਨੂੰ ਦਾਅ 'ਤੇ ਲਾਉਂਦਿਆਂ ਲਾਈਵ ਵੀਡੀਓ ਸ਼ੇਅਰ ਕਰਨ ਦੀ ਕਾਰਵਾਈ ਦੀ ਨਿਖੇਧੀ ਕਰਨ ਦੀ ਬਜਾਏ ਉਸ ਦਾ ਪੱਖ ਪੂਰ ਕੇ ਦੇਸ਼ ਵਿਰੋਧੀ ਅਨਸਰਾਂ ਨੂੰ ਹਵਾ ਦੇਣ ਵਾਲੀ ਆਪਣੀ ਮਾਨਸਿਕਤਾ ਨੂੰ ਵੀ ਜੱਗ ਜ਼ਾਹਿਰ ਕੀਤਾ ਹੈ। ਉਨ੍ਹਾਂ ਦਿੱਲੀ ਅੰਦਰ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਸਿਫ਼ਰ ਹੈ ਜਦਕਿ ਸੌ ਫੀਸਦੀ ਨੌਟੰਕੀ ਹੀ ਕੀਤੀ ਜਾ ਰਹੀ ਹੈ।