ਨਵੀਂ ਦਿੱਲੀ: ਬੀਜੇਪੀ ਨੂੰ ਅਲਵਿਦਾ ਕਹਿਣ ਮਗਰੋਂ ਨਵਜੋਤ ਸਿੱਧੂ ਅਗਸਤ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਫੜਨਗੇ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ 'ਆਪ' ਵਿੱਚ ਸ਼ਾਮਲ ਹੋਏਗੀ। ਸੂਤਰਾਂ ਮੁਤਾਬਕ ਅਗਸਤ ਦੇ ਦੂਜੇ ਹਫਤੇ ਅੰਮ੍ਰਿਤਸਰ ਵਿੱਚ ਪੂਰਾ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਜੋੜੀ ਆਪਣੇ ਹਮਾਇਤੀਆਂ ਨਾਲ 'ਆਪ' ਵਿੱਚ ਜਾਣਗੇ। ਇਹ ਰੈਲੀ 14 ਅਗਸਤ ਨੂੰ ਹੋ ਸਕਦੀ ਹੈ। ਇਸ ਮੌਕੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਹੋਣਗੇ।
ਇਸ ਬਾਰੇ ਸਿੱਧੂ ਜੋੜੀ ਨੇ 'ਆਪ' ਨਾਲ ਪੂਰੀ ਯੋਜਨਾ ਉਲੀਕ ਲਈ ਹੈ। ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਖੁਦ ਚੋਣ ਨਹੀਂ ਲੜਨਗੇ। ਉਹ ਪਾਰਟੀ ਦੇ ਸਟਾਰ ਪ੍ਰਚਾਰਕ ਹੋਣਗੇ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਚੋਣ ਲੜੇਗੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਨੂੰ ਮੁੱਖ ਮੰਤਰੀ ਜਾਂ ਉੱਪ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਿਆ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਕ ਸਿੱਧੂ ਜੋੜੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਗੱਲ਼ਬਾਤ ਹੋ ਚੁੱਕੀ ਹੈ। ਬੱਸ ਹੁਣ ਰਸਮੀ ਤੌਰ 'ਤੇ ਐਲਾਨ ਬਾਕੀ ਹੈ। ਇਸ ਐਲਾਨ ਤੋਂ ਬਾਅਦ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਜਾਣਗੇ।
ਪਤਾ ਲੱਗਾ ਹੈ ਅਗਲੇ ਦਿਨਾਂ ਵਿੱਚ ਨਵਜੋਤ ਕੌਰ ਸਿੱਧੂ ਬੀਜੇਪੀ ਨੂੰ ਇੱਕ ਹੋਰ ਝਟਕਾ ਦੇ ਕੇ ਆਮ ਆਦਮੀ ਪਾਰਟੀ ਦਾ ਝਾੜੂ ਫਰ ਲਵੇਗੀ। ਸਿੱਧੂ ਜੋੜੀ ਦੇ 'ਆਪ' ਵਿੱਚ ਜਾਣ ਨਾਲ ਬੀਜੇਪੀ ਹੀ ਨਹੀਂ ਸਗੋਂ ਅਕਾਲੀ ਦਲ ਵੀ ਫਿਕਰਮੰਦ ਹੈ ਕਿਉਂਕਿ ਇਸ ਇਹ ਜੋੜੀ ਹੀ ਅਕਾਲੀ ਦਲ ਨੂੰ ਕਰਾਰੇ ਹੱਥੀਂ ਲੈਂਦੀ ਹੈ।