ਜਲੰਧਰ: ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਪੁੱਤਰ ਰਣਿੰਦਰ ਸਿੰਘ ਨੂੰ ਈਡੀ ਨੇ ਫਿਰ ਤੋਂ ਸੰਮਨ ਭੇਜਿਆ ਹੈ। ਈਡੀ ਨੇ ਰਣਇੰਦਰ ਨੂੰ 14 ਜੁਲਾਈ ਨੂੰ ਜਲੰਧਰ ਦੇ ਦਫਤਰ ‘ਚ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਨੂੰ ਆਪਣੇ ਨਿੱਜੀ ਵਿੱਤੀ ਦਸਤਾਵੇਜ਼ਾਂ ਸਮੇਤ ਆਉਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 16 ਜੂਨ ਦੇ ਦਿਨ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਉਨ੍ਹਾਂ ਮੈਡੀਕਲ ਅਧਾਰ ‘ਤੇ ਪੇਸ਼ੀ ਤੋਂ ਛੋਟ ਮੰਗੀ ਸੀ। ਇੰਨਫੋਰਸਮੈਂਟ ਡਾਇਰੈਕਟੋਰੇਟ ਨੇ ਰਣਇੰਦਰ ਸਿੰਘ ਨੂੰ ਫੇਮਾ (ਫੋਰਨ ਐਕਸਚੇਂਜ ਮੈਨੇਜਮੇਂਟ ਐਕਟ) ਤਹਿਤ ਗੜਬੜੀਆਂ ਦੇ ਚੱਲਦੇ ਸੰਮਨ ਕੀਤਾ ਹੈ।
ਈਡੀ ਦੇ ਸਹਾਇਕ ਡਾਇਰੈਕਟਰ ਅਜੇ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। । ਇਸ ਪੇਸ਼ੀ ਦੌਰਾਨ ਰਣਇੰਦਰ ਦੀ ਵਿਦੇਸ਼ਾਂ ‘ਚ ਜਾਇਦਾਦ ਦੇ ਵੇਰਵੇ ਅਤੇ ਹਵਾਲਾ ਰਾਹੀਂ ਹੋਈ ਪੈਸੇ ਦੀ ਅਦਲਾ-ਬਦਲੀ ਦੇ ਇਲਜ਼ਾਮਾਂ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਸਾਬਕਾ ਮੰਤਰੀ ਪਰਨੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ ਇਨਫੋਸਮੈਂਟ ਡਾਇਰੈਕਟੋਰੇਟ (ਈ.ਡੀ.) ਸਾਹਮਣੇ ਪੇਸ਼ ਹੋਣਗੇ। ਰਣਇੰਦਰ ਸਿੰਘ ਨੂੰ ਈ.ਡੀ. ਨੇ 16 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਸਿਹਤ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ ਸਨ। ਈ.ਡੀ. ਨੇ ਉਨ੍ਹਾਂ ਨੂੰ 14 ਜੁਲਾਈ ਨੂੰ ਦੁਬਾਰਾ ਬੁਲਾਇਆ ਹੈ।
ਪਰਨੀਤ ਕੌਰ ਨੇ ਕਿਹਾ ਹੈ ਕਿ ਇਹ ਪੂਰਾ ਮਾਮਲਾ ਸਿਆਸੀ ਬਦਲਾਖੋਰੀ ਦਾ ਹੈ। ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ ਇਹ ਮਾਮਲਾ ਤੂਲ ਫੜੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਚਾਈ ਜਲਦ ਹੀ ਸਾਹਮਣੇ ਆ ਜਾਏਗੀ। ਪਰਨੀਤ ਕੌਰ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿੱਚ ਮਿਸ਼ਨ 2017 ਦੇ ਮੱਦੇਨਜ਼ਰ ਕਾਂਗਰਸ ਵੱਲੋਂ ਕਰਵਾਈ ਗਈ ਰੈਲੀ ਵਿੱਚ ਪਹੁੰਚੇ ਸਨ।