ਚੰਡੀਗੜ੍ਹ: ਆਮ ਆਦਮੀ ਪਾਰਟੀ ਲੀਡਰ ਤੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਕੰਵਰ ਸੰਧੂ ਦੀ ਅਗਾਂਊ ਜ਼ਮਾਨਤ ਮਨਜ਼ੂਰ ਕਰ ਲਈ ਹੈ। ਪਟਿਆਲਾ ਪੁਲਿਸ ਨੇ ਉਨ੍ਹਾਂ ਖਿਲਾਫ ਨਿਯਮਾ ਦਾ ਉਲੰਘਣ ਕਰਦਿਆਂ ਪਟਿਆਲਾ ਜੇਲ੍ਹ 'ਚ ਬੰਦ ਸਜ਼ਾ ਯਾਫਤਾ ਕੈਦੀ ਬਲਵੰਤ ਸਿੰਘ ਰਾਜੋਵਾਲਾ ਨੂੰ ਮਿਲਣ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਸੀ। ਮਾਮਲੇ 'ਚ ਉਨ੍ਹਾਂ ਦੇ ਨਾਲ ਨਾਮਜਦ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੂੰ ਵੀ ਜ਼ਮਾਨਤ ਮਿਲ ਗਈ ਹੈ।
ਦਰਅਸਲ ਸੀਨੀਅਰ ਪੱਤਰਕਾਰ ਕੰਵਰ ਸੰਧੂ ਆਪਣੇ ਨਾਲ ਪੁਲਿਸ ਕੈਟ ਪਿੰਕੀ ਨੂੰ ਲੈ ਕੇ ਜਿਲ੍ਹਾ ਜੇਲ੍ਹ ਪਟਿਆਲਾ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦਾ ਇੰਟਰਵਿਊ ਕਰਨਾ ਸੀ। ਪਰ ਇੱਥੇ ਮੁਲਾਕਾਤ ਕਰਨ 'ਤੇ ਗੱਲਬਾਤ ਦੌਰਾਨ ਰਾਜੋਆਣਾ ਨੇ ਕੰਵਰ ਸੰਧੂ 'ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚੱਲਦੇ ਪਟਿਆਲਾ ਪੁਲਿਸ ਨੇ ਸੰਧੂ ਤੇ ਪਿੰਕੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ।
ਹਾਲਾਂਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਤੇ ਪਹਿਲਾਂ ਹੀ ਰੋਕ ਲਗਾਈ ਗਈ ਸੀ। ਪਰ ਅੱਜ ਜ਼ਮਾਨਤ ਅਰਜੀ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਕੰਵਰ ਸੰਧੂ ਤੇ ਗੁਰਮੀਤ ਸਿੰਘ ਪਿੰਕੀ ਨੂੰ ਜ਼ਮਾਨਤ ਦੇ ਦਿੱਤੀ ਹੈ।