ਚੰਡੀਗੜ੍ਹ:(ਨਪਿੰਦਰ ਸਿੰਘ ਬਰਾੜ/ਦਲੀਪ ਸਿੰਘ):  ਪੰਜਾਬ ਦਾ ਖਤਰਨਾਕ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਪੁਲਿਸ ਦੀ ਹਿੱਟ ਲਿਸਟ 'ਤੇ ਸੀ। ਅੱਜ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਨੇੜੇ ਬੰਬੀਹਾ ਅਤੇ ਉਸਦੇ ਸਾਥੀਆਂ ਦਾ ਪੁਲਿਸ ਨਾਲ ਟਾਕਰਾ ਹੋਇਆ। ਦੋਨਾਂ ਧਿਰਾਂ 'ਚ ਫਾਇਰਿੰਗ ਸ਼ੁਰੂ ਹੋਈ। ਕਾਫੀ ਦੇਰ ਤੱਕ ਚੱਲੀ ਗੋਲੀ ਤੋਂ ਬਾਅਦ ਜਦ ਗੋਲੀਆਂ ਦਾ ਖੜਾਕ ਰੁਕਿਆ ਤਾਂ ਬੰਬੀਹਾ ਪੁਲਿਸ ਦੀਆਂ ਗੋਲੀਆਂ ਨਾਲ ਵਿੰਨ੍ਹਿਆ ਪਿਆ ਸੀ। ਉਸਦਾ ਸਾਥੀ ਤਾਰਾ ਵੀ ਪੁਲਿਸ ਦੀਆਂ ਗੋਲੀਆਂ ਤੋਂ ਨਾ ਬਚ ਸਕਿਆ। ਬੰਬੀਹਾ ਤੇ ਤਾਰਾ ਨੂੰ ਹਸਪਤਾਲ ਲਿਆਂਦਾ ਗਿਆ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਵਿੰਦਰ ਬੰਬੀਹਾ ਨੇ ਦਮ ਤੋੜ ਦਿੱਤਾ। ਤਾਰਾ ਇਸ ਵੇਲੇ ਜ਼ੇਰੇ ਇਲਾਜ਼ ਹੈ।

 


ਜਾਣਕਾਰੀ ਮੁਤਾਬਕ ਬਠਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਸਟ ਵਾਂਟਡ ਖਤਰਨਾਕ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਬਠਿੰਡਾ 'ਚ ਹੈ। ਉਸਦੀਆਂ ਪੈੜਾਂ ਨੱਪਦੇ ਹੋਏ ਪੁਲਿਸ ਰਾਮਪੁਰਾ ਫੂਲ ਜਾ ਪਹੁੰਚੀ। ਪੁਲਿਸ ਨੂੰ ਦੇਖਦਿਆਂ ਹੀ ਬੰਬੀਹੇ ਤੇ ਉਸਦੇ ਸਾਥੀਆਂ ਨੇ ਪੁਲਿਸ 'ਤੇ ਗੋਲੀਆਂ ਵਰਾ ਦਿੱਤੀਆਂ। ਇਸ 'ਤੇ ਪੁਲਿਸ ਟੀਮ ਨੇ ਵੀ ਮੁੰਹਤੋੜ ਜਵਾਬ ਦਿੱਤਾ। ਨਤੀਜਾ ਇਹ ਹੋਇਆ ਕਿ ਪੁਲਿਸ ਲਈ ਸਿਰਦਰਦ ਬਣ ਚੁੱਕਿਆ ਬੰਬੀਹਾ ਮਾਰਿਆ ਗਿਆ। ਉਸ ਕੋਲੋਂ ਪੁਲਿਸ ਨੂੰ ਤਿੰਨ ਪਿਸਟਲ ਬਰਾਮਦ ਹੋਏ ਹਨ। ਉਹ ਕਈ ਕਤਲ, ਇਰਾਦਾ-ਏ-ਕਤਲ, ਲੁੱਟਾਂ-ਖੋਹਾਂ ਤੇ ਕੁੱਟਮਾਰ ਦੇ 15 ਤੋਂ ਵੱਧ ਸੰਗੀਨ ਮਾਮਲਿਆਂ 'ਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ।

 

 



 
ਪੁਲਿਸ ਮੁਤਾਬਕ ਖੁੰਖਾਰ ਗੈਂਗਸਟਰਾਂ 'ਚੋਂ ਇੱਕ ਦਵਿੰਦਰ ਬੰਬੀਹਾ ਬੇਹੱਦ ਸ਼ਾਤਿਰ ਤੇ ਬੇਰਹਿਮ ਇਨਸਾਨ ਸੀ। ਬੰਦਾ ਮਾਰਨਾ ਉਸ ਲਈ ਖੱਬੇ ਹੱਥ ਦਾ ਖੇਡ ਸੀ। ਇਹੀ ਵਜ੍ਹਾ ਸੀ ਕਿ ਉਹ ਪੁਲਿਸ ਅਤੇ ਆਪਣੇ ਵਿਰੋਧੀਆੰ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰੇਆਮ ਲਲਕਾਰਦਾ ਸੀ। ਬੰਬੀਹਾ ਇਸ ਸਾਲ ਫਿਰ ਤੋਂ ਦੁਨੀਆ ਸਾਹਮਣੇ ਆਇਆ ਸੀ, ਜਦੋਂ ਉਸਨੇ 20 ਫਰਵਰੀ 2016 ਨੂੰ ਸਰਪੰਚ ਰਵੀ ਖੁਆਜਕੇ ਨੂੰ ਵਿਆਹ ਸਮਾਗਮ 'ਚ 14 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਚੇਤਾਵਨੀ ਵੀ ਦਿੰਦਾ ਰਿਹਾ।

 



 

 

ਦਵਿੰਦਰ ਨੇ ਲੁਧਿਆਣਾ 'ਚ ਰਾਜਵਿੰਦਰ ਸਿੰਘ ਉਰਫ ਰਵੀ ਖਵਾਜਕੇ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਫੇਸਬੁਕ 'ਤੇ ਇਹ ਸਟੇਟਸ ਪਾਇਆ ਜਿਸ 'ਚ ਲਿਖਿਆ ਸੀ,  "ਹੁਣ ਤਕ ਜੋ ਵੀ ਮੈਂ ਕੀਤਾ… ਉਹ ਤਾਂ ਸਿਰਫ ਇੱਕ ਟ੍ਰੇਲਰ ਸੀ… ਫਿਲਮ ਦਾ ਹਾਲੇ ਦਿਖਾਵਾਂਗੇ.. ਇਹ ਗੱਲ੍ਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਟਾਰਗੇਟ 'ਤੇ ਕੌਣ ਕੌਣ ਨੇ… ਉਹ ਵੀ ਤਿਆਰ ਰਹਿਣ।"   ਉਸ ਦਾ ਆਪਣੇ ਵਿਰੋਧੀਆਂ ਤੇ ਪੁਲਿਸ ਨੂੰ ਲਲਕਾਰਨ ਵਾਲਾ ਇਹ ਸੰਦੇਸ਼ ਪੰਜਾਬ 'ਚ ਗੈਂਗਵਾਰ ਤੇ ਗੈਂਗਸਟਰਾਂ ਦੇ ਖੌਫ ਦੀ ਗਵਾਹੀ ਭਰਦਾ ਹੈ।

 



 

ਵਿਰੋਧੀਆਂ ਨੂੰ ਲਲਕਾਰ ਕੇ ਮੌਤ ਦੇ ਘਾਟ ਉਤਾਰਨ ਵਾਲਾ ਪੰਜਾਬ ਦਾ ਸਭ ਤੋਂ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਆਖਰ ਸੀ ਕੌਣ.. ?

 



 

ਦਵਿੰਦਰ ਸਿੰਘ, ਜਿਲ੍ਹਾ ਬਠਿੰਡਾ ਦੇ ਪਿੰਡ ਬੰਬੀਹਾ ਦਾ ਰਹਿਣ ਵਾਲਾ ਸੀ। ਮਹਿਜ਼ 26ਸਾਲ ਦੇ ਦਵਿੰਦਰ ਬੰਬੀਹਾ ਦਾ ਨਾਮ ਸੁਣਦੇ ਹੀ ਵਿਰੋਧੀਆਂ ਨੂੰ ਪਸੀਨਾ ਆ ਜਾਂਦਾ ਸੀ। ਅਜਿਹਾ ਗੈਂਗਸਟਰ ਜਿਸਨੂੰ ਪੰਜਾਬ ਪੁਲਿਸ ਹੱਥਕੜੀਆਂ 'ਚ ਜਕੜਨ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਸੀ। ਪਰ ਉਹ ਹਰ ਵਾਰ ਵਾਰਦਾਤ ਨੂੰ ਅੰਜਾਮ ਦੇ ਕੇ ਅਲੋਪ ਹੋ ਜਾਂਦਾ ਸੀ। ਮਾਲਵਾ, ਦੁਆਬਾ ਜਾਂ ਫਿਰ ਮਾਝਾ ਹੋਵੇ, ਹਰ ਇਲਾਕੇ ਦੀ ਪੁਲਿਸ ਬੰਬੀਹਾ ਨੂੰ ਲੱਭ ਰਹੀ ਸੀ। ਪਰ ਬੰਬੀਹਾ ਖਾਕੀ ਵਾਲਿਆਂ ਨਾਲੋਂ ਵੱਧ ਫੁਰਤੀਲਾ ਤੇ ਸ਼ਾਤਿਰ ਸੀ।

 



 

ਸਰਪੰਚ ਰਵੀ ਖਵਾਜਕੇ ਨੂੰ ਕਤਲ ਕਰਨ ਤੋਂ ਬਾਅਦ ਅਗਸਤ ਮਹੀਨੇ 'ਚ ਤਰਨਤਾਰਨ 'ਚ ਹੋਈ ਗੈਂਗਵਾਰ 'ਚ ਇੱਕ ਵਾਰ ਫਿਰ ਪੁਲਿਸ ਦੇ ਹੱਥੋਂ ਬੰਬੀਹਾ ਤੇ ਉਸਦੇ ਸਾਥੀ ਬਚ ਕੇ ਨਿੱਕਲ ਗਏ। ਜੱਗੂ ਗੈਂਗ ਤੇ ਬੰਬੀਹਾ ਗੈਂਗ ਦਾ ਆਪਸ 'ਚ 36 ਦਾ ਅੰਕੜਾ ਸੀ। ਤਰਨਤਾਰਨ ਦੀ ਗੈਂਗਵਾਰ ਇਸ ਦਾ ਹੀ ਨਤੀਜਾ ਸੀ। ਇਸ ਵਾਰਦਾਤ ਤੋਂ ਬਾਅਦ ਜੱਗੂ ਗੈਂਗ ਨੇ ਫੇਸਬੁੱਕ ਰਾਹੀਂ ਗੈਂਗਸਟਰ ਦਵਿੰਦਰ ਬੰਬੀਹਾ ਨੂੰ ਲਲਕਾਰਿਆ ਵੀ ਸੀ।

 

 

 
ਹੁਣ ਤੁਹਾਨੂੰ ਦੱਸਦੇ ਹਾਂ ਕਿ ਬਠਿੰਡਾ ਦੇ ਬੰਬੀਹਾ ਪਿੰਡ ਦਾ ਦਵਿੰਦਰ ਸਿੰਘ ਆਖਰ ਗੈਂਗਸਟਰ ਦਵਿੰਰਰ ਬੰਬੀਹਾ ਕਿਵੇਂ ਬਣਿਆ .. ?

 

 


ਕਬੱਡੀ ਖੇਡਣ ਦਾ ਸ਼ੌਕੀਨ ਦਵਿੰਦਰ ਆਮ ਮੁੰਡਿਆਂ ਵਾਂਗ ਸਕੂਲ ਜਾਂਦਾ ਸੀ। ਪੜ੍ਹਨ ਲਿਖਣ 'ਚ ਕਾਫੀ ਹੁਸ਼ਿਆਰ ਵੀ ਸੀ। ਸਕੂਲ ਦੀ ਪੜ੍ਹਾਈ ਪੂਰੀ ਹੋਈ ਤਾਂ ਦਵਿੰਦਰ ਨੇ ਕਾਲਜ 'ਚ ਦਾਖਲਾ ਲੈ ਲਿਆ। ਬੱਸ ਇਹੀ ਦਾਖਲਾ ਉਸ ਦੇ ਅਪਰਾਧ ਦੀ ਦੁਨੀਆ 'ਚ ਦਾਖਲ ਹੋਣ ਦਾ ਸਬੱਬ ਬਣਿਆ। ਦਵਿੰਦਰ ਬੀਏ ਦੇ ਆਖਰੀ ਸਾਲ 'ਚ ਸੀ। ਪਰ ਇਸੇ ਦੌਰਾਨ ਉਸਦੇ ਪਿੰਡ 'ਚ ਰਾਜਾ ਨਾਮੀ ਇੱਕ ਮੁੰਡੇ ਦਾ ਕਤਲ ਹੋਇਆ। ਇਸ ਕਤਲ ਮਾਮਲੇ 'ਚ ਦਵਿੰਦਰ ਦਾ ਵੀ ਨਾਮ ਆਇਆ। ਉਸ ਵੇਲੇ ਉਹ ਮਹਿਜ਼ 20 ਸਾਲ ਦਾ ਸੀ।

 

 

 

ਇਸ ਕਤਲ ਮਾਮਲੇ 'ਚ ਬੰਬੀਹਾ ਨੂੰ ਹਥਕੜੀ ਜਰੂਰ ਲੱਗ ਗਈ ਪਰ ਉਹ ਕਾਨੂੰਨ ਟਿੱਚ ਦੱਸਣ ਦੀਆਂ ਤਿਆਰੀਆਂ ਕਰਨ ਲੱਗਾ ਸੀ। ਅਦਾਲਤ 'ਚ ਪੇਸ਼ੀ 'ਤੇ ਲਿਜਾਂਦੇ ਸਮੇਂ ਬੰਬੀਹਾ ਕਾਨੂੰਨ ਦੀਆਂ ਬੇੜੀਆਂ ਤੋੜ ਕੇ ਫਰਾਰ ਹੋ ਗਿਆ। ਉਸ ਤੋਂ ਬਾਅਦ ਦਵਿੰਦਰ ਬੰਬੀਹਾ ਤੇ ਪੁਲਿਸ ਵਿਚਾਲੇ ਚੋਰ ਸਿਪਾਹੀ ਦਾ ਖੇਡ ਸ਼ੁਰੂ ਹੋਇਆ। ਸਾਲ 2010 ਤੋਂ ਬਾਅਦ ਬੰਬੀਹਾ ਕਦੇ ਪਿੰਡ ਨਹੀਂ ਆਇਆ। ਹੁਣ ਉਹ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਹਣ ਚੁੱਕਾ ਸੀ। ਉਹ ਆਪਣੇ ਫੇਸਬੁਕ ਪੇਜ 'ਤੇ ਸਟੇਟਸ ਪਾਉਂਦਾ ਰਹਿੰਦਾ ਸੀ। ਜੁਰਮ ਦੀ ਦੁਨੀਆਂ 'ਚ ਜਾਣ ਲਈ ਉਹ ਸਿਸਟਮ ਨੂੰ ਕਸੂਰਵਾਰ ਦੱਸਦਾ ਸੀ।

 



 

ਦਵਿੰਦਰ ਬੰਬੀਹਾ ਕਦੋਂ ਅਤੇ ਕਿੱਥੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਵੇਗਾ ਪੁਲਿਸ ਬਿਲਕੁਲ ਨਹੀਂ ਜਾਣਦੀ ਸੀ। ਪੁਲਿਸ ਤੰਤਰ ਬੰਬੀਹਾ ਨੂੰ ਹੱਥਕੜੀ ਲਾਉਣ ਲਈ ਹਰ ਵਾਹ ਲਾਉਂਦਾ ਰਿਹਾ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। 26 ਸਾਲ ਦਾ ਗੈਂਗਸਟਰ ਪੂਰੀ ਪੁਲਿਸ ਫੋਰਸ 'ਤੇ ਪੰਜ ਸਾਲਾਂ ਤੋਂ ਭਾਰੀ ਪਿਆ ਹੋਇਆ ਸੀ। ਗੈਂਗਸਟਰ ਬੰਬੀਹਾ ਦਾ ਵੀ ਅੰਜਾਮ ਉਹੀ ਹੋਇਆ ਜੋ ਇੱਕ ਅਪਰਾਧੀ ਦਾ ਹੁੰਦਾ ਹੈ। ਪੰਜਾਬ 'ਚ ਹਰ ਵੱਡੀ ਗੈਂਗਵਾਰ ਦੇ ਮਾਸਟਰਮਾਈਂਡ ਬੰਬੀਹੇ ਨੂੰ ਆਖਿਕਾਰ ਪੁਲਿਸ ਨੇ ਅੱਜ ਢੇਰ ਕਰ ਦਿੱਤਾ ਹੈ।