ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਦੇ ਚੌਕ ਜੈ ਸਿੰਘ ਇਲਾਕੇ ਵਿੱਚ ਹੋਏ ਜਸਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਕਤਲ ਦਾ ਕਾਰਨ ਨਾਜਾਇਜ਼ ਸਬੰਧ ਸੀ। ਦਰਅਸਲ ਜਸਵਿੰਦਰ ਸਿੰਘ ਨੂੰ ਉਸ ਦੀ ਪਤਨੀ ਤੇ ਉਸ ਦੇ ਆਸ਼ਿਕ ਨੇ ਹੀ ਮਿਲੀਭੁਗਤ ਨਾਲ ਮਾਰਿਆ ਸੀ। ਪੁਲਿਸ ਨੇ ਜਸਵਿੰਦਰ ਸਿੰਘ ਦੀ ਪਤਨੀ ਪਰਵਿੰਦਰ ਕੌਰ ਤੇ ਉਸ ਦੇ ਪ੍ਰੇਮੀ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੰਮ੍ਰਿਤਸਰ ਦੇ ਚੌਕ ਜੈ ਸਿੰਘ ਇਲਾਕੇ ਵਿੱਚ 28 ਅਗਸਤ ਨੂੰ ਜਸਵਿੰਦਰ ਸਿੰਘ ਨਾਮ ਦੇ ਵਿਅਕਤੀ ਦੀ ਉਸ ਦੇ ਘਰ ਵਿੱਚੋਂ ਹੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਿਸ ਵੇਲੇ ਕਤਲ ਹੋਇਆ, ਉਸ ਵੇਲੇ ਸਾਰਾ ਪਰਿਵਾਰ ਗੁਰਦੁਆਰਾ ਸ਼ਾਹੀਦ ਗੰਜ ਮੱਥਾ ਟੇਕਣ ਲਈ ਗਿਆ ਹੋਇਆ ਸੀ। ਕਤਲ ਤੋਂ ਬਾਅਦ ਘਰ ਦੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ ਤੇ ਸਾਮਾਨ ਖਿੱਲ੍ਹਰਿਆ ਹੋਇਆ ਸੀ ਜਿਸ ਤੋਂ ਲੱਗ ਰਿਹਾ ਸੀ ਕਿ ਕਤਲ ਤੋਂ ਪਹਿਲਾਂ ਘਰ ਵਿੱਚ ਲੁੱਟ ਨੂੰ ਵੀ ਅੰਜਾਮ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਜਦੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਜਿਹੜੇ ਤੱਥ ਸਾਹਮਣੇ ਆਏ, ਉਹ ਕਾਫੀ ਹੈਰਾਨ ਕਰਨ ਵਾਲੇ ਸਨ। ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਜਸਵਿੰਦਰ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੀ ਆਪਣੀ ਹੀ ਪਤਨੀ ਤੇ ਉਸ ਦੇ ਪ੍ਰੇਮੀ ਨੇ ਕੀਤਾ ਹੈ। ਪੁਲਿਸ ਜਾਂਚ ਵਿੱਚ ਜਸਵਿੰਦਰ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਅਮਰਜੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ ਤੇ ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਜਿਸ ਕਰਕੇ ਉਹ ਜਸਵਿੰਦਰ ਨੂੰ ਆਪਣੇ ਰਾਹ ਵਿੱਚੋਂ ਹਟਾਉਣ ਦੀ ਯੋਜਨਾ ਬਣਾ ਰਹੇ ਸਨ।
28 ਅਗਸਤ ਨੂੰ ਜਦ ਜਸਵਿੰਦਰ ਦੀ ਮਾਂ ਗੁਰਦੁਆਰਾ ਸ਼ਾਹੀਦ ਗੰਜ ਚਲੀ ਗਈ ਤਾਂ ਪਰਵਿੰਦਰ ਨੇ ਆਪਣੇ ਪ੍ਰੇਮੀ ਅਮਰਜੀਤ ਨੂੰ ਘਰ ਬੁਲਾ ਲਿਆ। ਪਹਿਲਾਂ ਪਰਵਿੰਦਰ ਨੇ ਆਪਣੇ ਪਤੀ ਨੂੰ ਕੋਲ ਡਰਿੰਕ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਪਿਆ ਦਿੱਤੀਆਂ। ਉਸ ਨੂੰ ਬਿਜਲੀ ਦੀ ਤਾਰ ਨਾਲ ਕਰੰਟ ਵੀ ਲਾਇਆ। ਇਸ ਤੋਂ ਬਾਅਦ ਜਸਵਿੰਦਰ ਬੇਹੋਸ਼ ਹੋ ਗਿਆ। ਕੁਝ ਦੇਰ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਦੋਹਾਂ ਨੂੰ ਕਮਰੇ ਵਿੱਚ ਦੇਖ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਤੇਜ਼ਧਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਗੁਰਦੁਆਰਾ ਸ਼ਾਹੀਦ ਗੰਜ ਚਲੀ ਗਈ ਤੇ ਆਪਣੀ ਸੱਸ ਨੂੰ ਜਾ ਕੇ ਕਿਹਾ ਕਿ ਉਹ ਜਸਵਿੰਦਰ ਨੂੰ ਰੋਟੀ ਖਵਾ ਕੇ ਇਧਰ ਆ ਗਈ ਹੈ ਤੇ ਘਰ ਵਿੱਚ ਸੌਂ ਰਿਹਾ ਹੈ।
ਜਦ ਉਸ ਦੀ ਮਾਂ ਤੇ ਪਤਨੀ ਘਰ ਵਾਪਸ ਆਏ ਤਾਂ ਦੇਖਿਆ ਕਿ ਕਮਰੇ ਵਿੱਚ ਜਸਵਿੰਦਰ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੋਈ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਢੂੰਘਾਈ ਨਾਲ ਜਾਂਚ ਕਾਰਨ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।