ਮੋਹਾਲੀ: ਸਰਵ ਸਿੱਖਿਆ ਅਭਿਆਨ /ਰਮਸਾ ਦਫਤਰੀ ਕਰਮਚਾਰੀਆਂ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਇਹਨਾਂ ਕਰਮਚਾਰੀਆਂ ਨੇ ਮੋਹਾਲੀ 'ਚ ਸੂਬਾ ਪੱਧਰੀ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮੁੱਖ ਮੰਤਰੀ ਬਾਦਲ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਉਹ ਆਪਣੀਆਂ ਮੰਗਾਂ ਬਾਰੇ ਉਨ੍ਹਾਂ ਨਾਲ ਗੱਲ ਕਰ ਸਕਣ। ਇਸ ਦੌਰਾਨ ਇਹਨਾਂ ਵੱਲੋਂ ਸਰਕਾਰ ਦਾ ਭੇਦ ਖੋਲਣ ਲਈ ਖਾਸ ਲਿਫਾਫੇ ਵੀ ਵੰਡੇ ਗਏ।




 

ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਸਰਵ ਸਿੱਖਿਆ ਅਭਿਆਨ/ ਰਮਸਾ ਦਫਤਰੀ ਕਰਮਚਾਰੀ ਮੋਹਾਲੀ ਦੇ ਫੇਜ਼ 8 ਦੇ ਦੁਸ਼ਹਿਰਾ ਗਰਾਉਂਡ 'ਚ ਇਕੱਠੇ ਹੋਣ ਲੱਗੇ। ਪਹਿਲਾਂ ਤੋਂ ਦਿੱਤੀ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਪ੍ਰਸ਼ਾਸਨ ਨੇ ਵੀ ਪਹਿਲਾਂ ਤੋਂ ਹੀ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਤਾਂ ਕਿ ਕੋਈ ਹੰਗਾਮਾ ਨਾ ਹੋ ਸਕੇ। ਇਕੱਠੇ ਹੋਏ ਕਰਮਚਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੁੱਖ ਮੰਗ ਹੈ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕੀਤਾ ਜਾਵੇ।



 

ਇਸ ਦੌਰਾਨ ਇਹਨਾਂ ਨੇ ਆਪਣਾ ਰੋਸ ਦਿਖਾਉਣ ਤੇ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਬਾਰੇ ਦੱਸਣ ਲਈ ਖਾਸ ਲਿਫਾਫੇ ਬਣਾ ਕੇ ਵੰਡੇ। ਇਹਨਾਂ 'ਤੇ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਤੇ ਆਪਣੇ ਹੱਕਾਂ ਬਾਰੇ ਜਾਣਕਾਰੀ ਛਪਵਾਈ ਗਈ ਸੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਅਜੇ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੇਗੀ ਤਾਂ ਆਉਣ ਵਾਲੇ ਸਮੇਂ 'ਚ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।