ਅਮ੍ਰਿਤਸਰ: ਈਦ  ਦਿਹਾੜੇ ਮੌਕੇ ਭਾਰਤ-ਪਾਕਿਸਤਾਨ  ਦੀ ਅਟਾਰੀ ਸਰਹੱਦ 'ਤੇ ਅੱਜ ਸਵੇਰੇ ਮਠਿਆਈਆਂ ਵੰਡੀਆਂ ਗਈਆਂ। ਦੋਹਾਂ ਮੁਲਕਾਂ ਦੀਆਂ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਬੀਐਸਐਫ ਅਤੇ ਪਾਕਿ ਰੇਂਜਰਜ਼ ਨੇ ਪਵਿੱਤਰ ਦਿਹਾੜੇ 'ਤੇ ਇੱਕ ਦੂਜੇ ਦੇ ਗਲ ਲੱਗ ਕੇ ਮੁਬਾਰਕਬਾਦ ਦਿੱਤੀ ਤੇ ਇੱਕ ਦੂਜੇ ਨੂੰ ਮਠਿਆਈ  ਭੇਂਟ ਕੀਤੀ।

 
ਈਦ ਦਾ ਤਿਓਹਾਰ ਭਾਰਤ ਅਤੇ ਪਾਕਿਸਤਾਨ ਸਮੇਤ ਦੁਨੀਆਂ ਭਰ 'ਚ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਪਵਿੱਤਰ ਤਿਓਹਾਰ ਮੌਕੇ ਹਰ ਸਾਲ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਅਧਿਕਾਰੀ ਤੇ ਜਵਾਨ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ। ਉਹ ਇੱਕ ਦੂਜੇ ਨੂੰ ਮਿਠਾਈ ਦੇ ਕੇ ਇਸ ਦਿਨ ਦੀ ਖੁਸ਼ੀ ਸਾਂਝੀ ਕਰਦੇ ਹਨ। ਅੱਜ ਵੀ ਹਰ ਸਾਲ ਵਾਂਗ ਦੋਹਾਂ ਮੁਲਕਾਂ ਦੀ ਸਰਹੱਦ ਦੇ ਰਾਖੇ ਜ਼ੀਰੋ ਲਾਈਨ 'ਤੇ ਇੱਕ ਦੂਜੇ ਦੇ ਗਲੇ ਮਿਲੇ ਤੇ ਅੱਜ ਦੇ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

 
ਪਾਕਿਸਤਾਨ ਰੇਂਜਰਾਂ ਦੇ ਵਿੰਗ ਕਮਾਂਡਰ ਬਿਲਾਲ ਨੇ ਰੇਂਜਰਾਂ ਵਲੋਂ ਮਠਿਆਈਆਂ ਭੇਂਟ ਕੀਤੀਆਂ ਅਤੇ ਭਾਰਤ ਵਲੋਂ ਸੀਮਾ ਸੁਰੱਖਿਆ ਬਲ ਦੇ ਡੀ.ਆਈ.ਜੀ  ਜੇ.ਐਸ ਓਬਰਾਏ ਨੇ ਗਵਾਂਢੀ ਮੁਲਕ ਦੇ ਅਧਿਕਾਰੀਆਂ ਨੂੰ ਮਿਠਾਈ ਦੇ ਕੇ ਮੁਬਾਰਕਬਾਦ ਦਿੱਤੀ।