ਚੰਡੀਗੜ੍ਹ: ਸ਼ਹਿਰ 'ਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਸ਼ਰੀਬ ਪੀਣ ਦਾ ਆਦੀ ਸੀ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ 'ਚ ਹੀ ਉਸ ਨੇ ਖੁਦ ਨੂੰ ਫਾੰਸੀ ਲਗਾ ਲਈ। ਘਟਨਾ ਸੈਕਟਰ 49- ਸੀ ਦੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ 40 ਸਾਲਾ ਸੂਰਜ ਪ੍ਰਕਾਸ਼ ਪਲੰਬਰ ਦਾ ਕੰਮ ਕਰਦਾ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ। ਸ਼ਰਾਬ ਦੇ ਨਸ਼ੇ 'ਚ ਹਮੇਸ਼ਾ ਘਰ 'ਚ ਝਗੜਾ ਕਰਦਾ। ਉਹ ਅਕਸਰ ਆਪਣੀ ਪਤਨੀ ਨਾਲ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੰਦਾ ਸੀ। ਕੱਲ੍ਹ ਰਾਤ ਵੀ ਸੂਰਜ ਹਮੇਸ਼ਾ ਵਾਂਗ ਨਸ਼ੇ ਦੀ ਹਾਲਤ 'ਚ ਸੀ। ਉਸ ਨੇ ਆਪਣੀ ਪਤਨੀ ਨੀਤੂ ਨੂੰ ਬੁਰੀ ਤਰਾਂ ਕੁੱਟਿਆ ਤੇ 2 ਮਾਸੂਮ ਬੱਚਿਆਂ ਸਮੇਤ ਘਰੋਂ ਕੱਢ ਦਿੱਤਾ। ਨੀਤੂ ਨੇ ਪੂਰੀ ਰਾਤ ਬਾਹਰ ਪਾਰਕ 'ਚ ਬਿਤਾਈ।
ਸਵੇਰੇ ਜਦ ਨੀਤੂ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਸੂਰਜ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਸੂਰਜ ਦੀ ਭੈਣ ਵੀ ਨੇੜੇ ਦੇ ਘਰ 'ਚ ਹੀ ਰਹਿ ਰਹੀ ਸੀ। ਉਹ ਵੀ ਮੌਕੇ 'ਤੇ ਆ ਪਹੁੰਚੀ। ਪਰਿਵਾਰ ਮੁਤਾਬਕ ਉਸ ਨੇ ਨਸ਼ੇ ਦੀ ਹਾਲਤ 'ਚ ਹੀ ਅਜਿਹਾ ਕਦਮ ਚੁੱਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।