ਫਤਿਹਗੜ੍ਹ ਚੂੜੀਆਂ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਕਿਸੇ ਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹੈ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ। ਅੱਜ ਫਤਿਹਗੜ੍ਹ ਚੂੜੀਆਂ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਰਾਜ ਵਿੱਚ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸੀ ਵਰਤੀ ਜਾਵੇ।


 

 

ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੰਮੂ-ਕਸ਼ਮੀਰ ਦੀ ਤਰਜ਼ 'ਤੇ ਪੰਜਾਬ ਦੀ ਅੰਤਰ-ਰਾਸ਼ਟਰੀ ਸਰਹੱਦ ਉੱਪਰ ਵੀ ਬੀ.ਐਸ.ਐਫ. ਦੀ ਨਫਰੀ ਵਧਾ ਕੇ ਸਰਹੱਦ ਨੂੰ ਪੂਰੀ ਤਰਾਂ ਸੀਲ ਕੀਤਾ ਜਾਵੇ ਤਾਂ ਜੋ ਸਰਹੱਦ ਪਾਰੋਂ ਦਾਖਲ ਹੁੰਦੇ ਦਹਿਸ਼ਤਗਰਦਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੇਂਦਰ ਸਰਕਾਰ ਨੂੰ ਇਹ ਕਦਮ ਫੌਰੀ ਤੌਰ 'ਤੇ ਚੁੱਕਣੇ ਚਾਹੀਦੇ ਹਨ।

 

 

 

ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਜਾਂਦੇ 'ਦਰਬਾਰ' ਬਾਰੇ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਬਾਦਲ ਨੇ ਕਿਹਾ ਕਿ ਕੈਪਟਨ ਜਦੋਂ ਮੁੱਖ ਮੰਤਰੀ ਸੀ ਉਦੋਂ ਤਾਂ ਉਸ ਨੇ ਕੋਈ ਲੋਕ ਦਰਬਾਰ ਲਾਇਆ ਨਹੀਂ ਹੁਣ ਉਸ ਦੇ ਦਰਬਾਰ ਲਾਉਣ ਦਾ ਲੋਕਾਂ ਨੂੰ ਕੀ ਲਾਭ ਹੈ। ਬਾਦਲ ਨੇ ਕਿਹਾ ਕਿ ਗਠਜੋੜ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਜਦਕਿ ਕਾਂਗਰਸ ਸਰਕਾਰ ਨੇ ਤਾਂ ਭਰਤੀਆਂ 'ਤੇ ਹੀ ਰੋਕ ਲਾ ਦਿੱਤੀ ਸੀ।