ਚੰਡੀਗੜ੍ਹ: ਸ਼ਹਿਰ 'ਚ ਵਾਪਰੇ ਦਰਦਨਾਕ ਹਾਦਸੇ 'ਚ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ। ਹਾਦਸਾ ਚੰਡੀਗੜ੍ਹ ਦੇ ਸੈਕਟਰ 52 'ਚ ਵਾਪਰਿਆ ਹੈ। ਜਿੱਥੇ ਵਗਦੇ ਇੱਕ ਬਰਸਾਤੀ ਨਾਲੇ 'ਚ 11 ਸਾਲਾ ਬੱਚਾ ਡੁੱਬ ਗਿਆ। ਇਸ ਘਟਨਾ ਦੀ ਜਾਣਕਾਰੀ ਉਸ ਦੇ ਨਾਲੇ 5 ਸਾਲਾ ਬੱਚੇ ਨੇ ਪਰਿਵਾਰ ਨੂੰ ਦਿੱਤੀ। ਫਿਲਹਾਲ ਬੱਚੇ ਦੀ ਲਾਸ਼ ਲਈ ਭਾਲ ਜਾਰੀ ਹੈ।  
ਜਾਣਕਾਰੀ ਮੁਤਾਬਕ 11 ਸਾਲਾ ਅਜੇ ਤੇ 5 ਸਾਲਾ ਵਿਜੇ ਦੋ ਬੱਚੇ ਨਾਲੇ ਵੱਲ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਨਹਾਉਣ ਲਈ ਉੱਥੇ ਗਏ। ਜਦ ਅਜੇ ਪਾਣੀ 'ਚ ਉੱਤਰਿਆ ਤਾਂ ਡੁੰਘੇ ਪਾਣੀ ਦਾ ਸ਼ਿਕਾਰ ਹੋ ਕੇ ਡੁੱਬ ਗਿਆ। ਇਸ ਹਲਾਤ 'ਚ ਘਬਰਾਏ ਵਿਜੇ ਨੇ ਪਰਿਵਾਰ ਨੂੰ ਜਾ ਕੇ ਇਸ ਬਾਰੇ ਦੱਸਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਬਲ ਵੀ ਮੌਕੇ 'ਤੇ ਪਹੁੰਚਿਆ। ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।