ਤਰਨਤਾਰਨ: ਕੁੱਝ ਦਿਨ ਪਹਿਲਾਂ ਸ਼ਹਿਰ 'ਚ ਦਿਨ ਦਿਹਾੜੇ ਹੋਈ ਲੁੱਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਥਿਆਰਬੰਦ ਲੁਟੇਰਿਆਂ ਨੇ ਪੱਟੀ 'ਚ ਇੱਕ ਮੈਡੀਕਲ ਸਟੋਰ 'ਤੇ ਧਾਵਾ ਬੋਲਿਆ ਸੀ। ਇਸ ਦੌਰਾਨ ਉਨ੍ਹਾਂ ਦੀ ਦੁਕਾਨਦਾਰ ਨਾਲ ਝੜਪ ਵੀ ਹੋਈ। ਪੂਰੀ ਲੁੱਟ ਦੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਹੈ। ਤਸਵੀਰਾਂ ਦੇਖ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਦੁਕਾਨਦਾਰਾਂ ਤੇ ਇੱਥੋਂ ਤੱਕ ਕਿ ਔਰਤਾਂ ਨੇ ਵੀ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਇਸੇ ਝੜਪ ਦੌਰਾਨ ਲੁਟੇਰਿਆਂ ਹੱਥੋਂ ਆਪਣੇ ਹੀ ਇੱਕ ਸਾਥੀ ਨੂੰ ਗੋਲੀ ਵੀ ਲੱਗੀ। ਜਖਮੀ ਲੁਟੇਰਾ ਪੁਲਿਸ ਦੀ ਨਿਗਰਾਨੀ ਹੇਠ ਇਲਾਜ਼ ਅਧੀਨ ਹੈ।



ਤਰਨਤਾਰਨ ਜਿਲ੍ਹੇ ਦੇ ਪੱਟੀ 'ਚ ਇੱਕ ਹਫਤਾ ਪਹਿਲਾਂ ਇੱਕ ਮੈਡੀਕਲ ਸਟੋਰ 'ਚ ਹੋਈ ਲੁੱਟ ਦੀ ਕੋਸ਼ਿਸ਼ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦਵਿੰਦਰ ਕੁਮਾਰ ਦੀ ਹੋਲਸੇਲ ਦਵਾਈਆਂ ਦੀ ਦੁਕਾਨ ਹੈ। ਸ਼ਾਮ ਦਾ ਸਮਾਂ ਸੀ। ਅਚਾਨਕ ਕੁੱਝ ਨੌਜਵਾਨ ਉਨ੍ਹਾਂ ਦੀ ਦੁਕਾਨ 'ਚ ਦਾਖਲ ਹੁੰਦੇ ਹਨ। ਦਵਿੰਦਰ ਨੂੰ ਸਮਝਣ 'ਚ ਦੇਰ ਨਹੀਂ ਲੱਗੀ ਕਿ ਇਨ੍ਹਾਂ ਦੇ ਇਰਾਦੇ ਠੀਕ ਨਹੀਂ। ਜਿਵੇਂ ਹੀ ਇੱਕ ਲੁਟੇਰੇ ਨੇ ਦਵਿੰਦਰ ਨੂੰ ਹੱਥ ਪਾਇਆ, ਉਨ੍ਹਾਂ ਨੇ ਵਿਰੋਧ ਕੀਤਾ। ਫਿਰ ਕੀ ਸੀ, ਕਈ ਲੁਟੇਰਿਆਂ ਨੇ ਉਸ ਨੂੰ ਕਾਬੂ ਕਰਨ 'ਚ ਦੇਰ ਨਹੀਂ ਕੀਤੀ। ਇੱਕ ਸ਼ਖਸ ਦੂਜੇ ਨੂੰ ਗੱਲੇ 'ਚ ਰੱਖੀ ਨਕਦੀ ਕੱਢਣ ਦਾ ਇਸ਼ਾਰਾ ਕੀਤਾ, ਕਾਮਯਾਬੀ ਮਿਲਦੀ ਇੰਨ੍ਹੇ 'ਚ ਦਵਿੰਦਰ ਦੇ ਪਿਤਾ ਦੁਕਾਨ 'ਚ ਦਾਖਲ ਹੁੰਦੇ ਹਨ। ਉਹ ਗੱਲੇ 'ਚੋਂ ਪੈਸੇ ਕੱਢ ਰਹੇ ਸ਼ਖਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਦਿਲ ਦੇ ਮਰੀਜ ਬਜ਼ੁਰਗ 'ਤੇ ਬਿਨਾ ਕੁੱਝ ਸੋਚੇ ਸਮਝੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ।



ਇੱਕ ਲੁਟੇਰੇ ਦੇ ਹੱਥ 'ਚ ਪਿਸਤੌਲ ਸੀ, ਜੋ ਉਸਨੇ ਦੁਕਾਨ 'ਚ ਮੌਜੂਦ ਇੱਕ ਹੋਰ ਕਰਮਚਾਰੀ 'ਤੇ ਤਾਣ ਦਿੱਤੀ। ਦੂਜੇ ਪਾਸੇ ਬਜ਼ੁਰਗ 'ਤੇ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਜਾਰੀ ਰੱਖਿਆ। ਬਜ਼ੁਰਗ ਦੇ ਮੋਢਿਆਂ ਤੇ ਕੰਨ ਕੋਲੋਂ ਖੂਨ ਵਗਣ ਲੱਗਾ। ਦੁਕਾਨ ਜੰਗ ਦਾ ਮੈਦਾਨ ਬਣੀ ਹੋਈ ਸੀ। ਅਚਾਨਕ ਰੌਲਾ ਰੱਪਾ ਸੁਣ ਕੇ ਦਵਿੰਦਰ ਦੀ ਪਤਨੀ ਵੀ ਦੁਕਾਨ 'ਚ ਆ ਪਹੁੰਚੀ। ਪਤਨੀ ਦੀ ਬਹਾਦਰੀ ਅਹਿਜੀ ਕਿ ਉਸਨੇ ਦੁਕਾਨ 'ਚ ਰੱਖੀਆਂ ਕੁਰਸੀਆਂ ਨਾਲ ਹੀ ਲੁਟੇਰਿਆਂ 'ਤੇ ਹਮਲਾ ਕਰ ਦਿੱਤਾ। ਸੇਲਸ ਬੁਆਏ, ਦਵਿੰਦਰ ਦੀ ਪਤਨੀ, ਪਿਤਾ ਵੱਲੋਂ ਦਿਖਾਈ ਹਿੰਮਤ ਸਾਹਮਣੇ ਲੁਟੇਰਿਆਂ ਦੇ ਹੌਂਸਲੇ ਪਸਤ ਹੋ ਗਏ। ਲੁਟੇਰੇ ਮੌਕੇ ਤੋਂ ਭੱਜ ਨਿੱਕਲੇ। ਲੁਟੇਰਿਆਂ ਦੀ ਗ੍ਰਿਫਤ 'ਚੋਂ ਨਿੱਕਲਦਿਆਂ ਹੀ ਦਵਿੰਦਰ ਨੇ ਆਪਣਾ ਰਿਵਾਲਵਰ ਲੋੜਕਰ ਲਿਆ। ਹਫੜਾ ਦਫੜੀ 'ਚ ਲੁਟੇਰੇ ਆਪਣੇ ਹੀ ਸਾਥੀ ਨੂੰ ਜਖਮੀ ਕਰ ਬੈਠੇ।

ਸ਼ਹਿਰ 'ਚ ਦਿਨ ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਸਬੂਤ ਜੁਟਾਉਣ ਦੀ ਕੋਸ਼ਿਸ਼ ਸ਼ੁਰੂ ਹੋਈ। ਜਾਂਚ ਪੜਤਾਲ ਹੋਈ ਤਾਂ ਪਤਾ ਲੱਗਾ ਕਿ ਜ਼ਖਮੀ ਲੁਟੇਰਾ ਇੱਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਹੈ। ਉਸ 'ਤੇ ਦਿਨ ਰਾਤ ਪੁਲਿਸ ਨਜ਼ਰ ਰੱਖ ਰਹੀ ਹੈ, ਠੀਕ ਹੁੰਦਿਆਂ ਹੀ ਉਸ਼ਨੂੰ ਗ੍ਰਿਫਤਾਰ ਕਰ ਲਿਆ ਜਾਵੇਗ। ਬਹਾਦਰ ਪਤੀ ਪਤਨੀ ਦਾ ਨਾਂ ਪੁਲਸ ਨੇ ਐਵਾਰਡ ਲਈ ਭੇਜਣ ਦਾ ਫੈਸਲਾ ਕੀਤਾ ਹੈ।