ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਬਣੇ ਤਣਾਅ ਕਾਰਨ ਰੁਕੀ ਹੋਈ ਅੰਮ੍ਰਿਤਸਰ-ਲਾਹੌਰ-ਨਨਕਾਣਾ ਸਾਹਿਬ ਪੰਜ ਆਬ ਬੱਸ ਸੇਵਾ ਫਿਰ ਤੋਂ ਸ਼ੁਰੂ ਹੋ ਗਈ ਹੈ। ਸਰਜੀਕਲ ਅਪਰੇਸ਼ਨ ਕਾਰਨ 29 ਸਤੰਬਰ ਤੋਂ ਚੱਲ ਰਹੇ ਤਣਾਅ ਦੌਰਾਨ ਪੰਜਾਬ ਸਰਕਾਰ ਨੇ ਇਸ ਬੱਸ ਨੂੰ ਰੋਕ ਦਿੱਤਾ ਸੀ। ਪਰ ਮੁੜ ਤੋਂ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
ਦੋਵਾਂ ਦੇਸ਼ਾਂ ਵਿਚਾਲੇ ਇਹ ਬੱਸ ਹਰ ਮੰਗਲਵਾਰ ਤੇ ਸ਼ੁੱਕਰਵਾਰ ਚੱਲਦੀ ਹੈ। ਇਸ ਬੱਸ ਨੂੰ ਪੰਜਾਬ ਰੋਡਵੇਜ਼ ਵੱਲੋਂ ਚਲਾਇਆ ਜਾ ਰਿਹਾ ਹੈ। ਮੁੜ ਸ਼ੁਰੂ ਕੀਤੀ ਗਈ ਬੱਸ ਦੋਵਾਂ ਪਾਸਿਆਂ ਤੋਂ ਖ਼ਾਲੀ ਹੀ ਰਹੀ। ਇਸ ਸਬੰਧ ਵਿੱਚ ਅਧਿਕਾਰੀਆਂ ਦਾ ਕਹਿਣਾ ਕਿ ਤਣਾਅ ਵਾਲੇ ਮਾਹੌਲ ਕਾਰਨ ਲੋਕ ਆਪਣੇ ਘਰਾਂ ਤੋਂ ਦੂਰ ਜਾਣ ਤੋਂ ਗੁਰੇਜ਼ ਕਰ ਰਹੇ ਹਨ।
ਇਹ ਬੱਸ ਸੇਵਾ ਪਹਿਲਾਂ ਅੰਮ੍ਰਿਤਸਰ ਅਤੇ ਲਾਹੌਰ ਤੇ ਨਨਕਾਣਾ ਸਾਹਿਬ ਤਕ ਜਾਂਦੀ ਸੀ ਪਰ 2 ਨਵੰਬਰ 2014 ਨੂੰ ਵਾਹਗਾ ਸਰਹੱਦ ‘ਤੇ ਆਤਮਘਾਤੀ ਅਤਿਵਾਦੀ ਹਮਲੇ ਤੋਂ ਬਾਅਦ ਬੱਸ ਨੂੰ ਲਾਹੌਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਹੁਣ ਇਹ ਬੱਸ ਅੰਮ੍ਰਿਤਸਰ ਤੋਂ ਵਾਹਗਾ (ਪਾਕਿਸਤਾਨ) ਤੱਕ ਜਾਂਦੀ ਹੈ ਅਤੇ ਦੂਜੇ ਪਾਸਿਉਂ ਪਾਕਿਸਤਾਨ ਦੀ ਦੋਸਤੀ ਬੱਸ ਲਾਹੌਰ ਤੋਂ ਵਾਹਗਾ ਤੱਕ ਆਉਂਦੀ ਹੈ, ਜਿੱਥੇ ਦੋਵਾਂ ਬੱਸਾਂ ਦੇ ਯਾਤਰੂ ਮੁੜ ਵੱਖ ਵੱਖ ਬੱਸਾਂ ਵਿੱਚ ਸਵਾਰ ਹੁੰਦੇ ਹਨ।