ਸੰਗਰੂਰ: ਪੰਚਾਇਤੀ ਜਮੀਨ 'ਤੇ ਕਬਜੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹਿੰਸਕ ਹੋ ਗਿਆ। ਘਟਨਾ ਜਿਲ੍ਹੇ ਦੇ ਪਿੰਡ ਜਲੂਰ 'ਚ ਵਾਪਰੀ ਹੈ। ਇੱਥੇ ਕਾਫੀ ਸਮੇਂ ਤੋਂ ਵੱਖ-ਵੱਖ ਪਿੰਡਾਂ 'ਚ ਦਲਿਤ ਸਮਾਜ ਲਈ ਰਾਖਵੀਂ ਜ਼ਮੀਨ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਲੋਕਾਂ ਤੇ ਜ਼ਿਮੀਂਦਾਰਾਂ ਵਿਚਕਾਰ ਤਲਖੀ ਦਾ ਮਾਹੋਲ ਬਣਿਆ ਹੋਇਆ ਹੈ। ਕੱਲ੍ਹ ਦੋਨਾਂ ਧਿਰਾਂ 'ਚ ਹੋਏ ਵਿਵਾਦ ਤੋਂ ਬਾਅਦ ਹਿੰਸਕ ਝੜਪ ਦੌਰਾਨ ਕਈ ਲੋਕ ਜਖਮੀ ਹੋਏ ਹਨ।

ਜਾਣਕਾਰੀ ਮੁਤਾਬਕ ਦਲਿਤ ਭਾਈਚਾਰੇ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ SDM ਦਫਤਰ ਬਾਹਰ ਧਰਨਾ ਦੇਣ ਮਗਰੋਂ ਪਿੰਡ ਵਾਪਿਸ ਪਰਤ ਰਹੇ ਸਨ। ਇਹਨਾਂ ਲੋਕਾਂ ਦੇ ਪਿੰਡ ਪਹੁੰਚਣ ਦੀ ਦੇਰ ਸੀ ਕਿ ਜਿਮੀਂਦਾਰਾਂ ਨਾਲ ਝੜਪ ਹੋ ਗਈ। ਦੋਹੇਂ ਧਿਰਾਂ ਵੱਲੋਂ ਪੱਥਰਬਾਜ਼ੀ ਹੋਣ ਲੱਗੀ। ਇਸ ਪੱਥਰਬਾਜੀ 'ਚ ਕਰੀਬ 5 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਕਈ ਗੱਡੀਆਂ ਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਜ਼ਖਮੀਆਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਜ਼ਮੀਨ ਵਿਵਾਦ ਨੂੰ ਲੈ ਕੇ ਪੱਥਰਬਾਜ਼ੀ ਕਰਨ ਵਾਲੀਆਂ ਦੋਵੇਂ ਧਿਰਾਂ ਇੱਕ ਦੂਜੇ ਨੂੰ ਜ਼ਿੰਮੇਵਾਰ ਦਸ ਰਹੀਆਂ ਹਨ। ਜ਼ਿਮੀਂਦਾਰ ਧਿਰ ਦਾ ਕਹਿਣਾ ਹੈ ਕਿ ਦਲਿਤਾਂ ਨਾਲ ਪ੍ਰਦਰਸ਼ਨ ਤੋਂ ਬਾਅਦ ਆਏ ਬਾਹਰੀ ਲੋਕਾਂ ਨੇ ਪਿੰਡ ਦਾ ਮਾਹੌਲ ਖਰਾਬ ਕੀਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਪੁਲਿਸ ਬਲ ਮੌਕੇ 'ਤੇ ਪਹੁੰਚਿਆ ਤੇ ਹਲਾਤ ਨੂੰ ਕਾਬੂ 'ਚ ਕੀਤਾ ਗਿਆ। ਪੁਲਿਸ ਮੁਤਾਬਕ ਹੁਣ ਪਿੰਡ 'ਚ ਮਾਹੋਲ ਸ਼ਾਂਤ ਹੈ ਤੇ ਤਣਾਅ ਦੀ ਵਜ੍ਹਾ ਬਣੇ ਕੁੱਝ ਬਾਹਰੀ ਲੋਕਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ।