ਜਲੰਧਰ: ਪੰਜਾਬ ਦੇ ਸਭ ਤੋਂ ਵੱਡੇ ਟਰਾਂਸਪੋਰਟ ਵਜੋਂ ਜਾਣੇ ਜਾਂਦੇ ਬਾਦਲ ਪਰਿਵਾਰ 'ਤੇ ਇੱਕ ਵਾਰ ਫਿਰ ਆਪਣੀਆਂ ਬੱਸਾਂ ਨੂੰ ਮੁਨਾਫਾ ਦੇਣ ਦਾ ਇਲਜ਼ਾਮ ਲੱਗਿਆ ਹੈ। ਦਰਅਸਲ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਇੱਕ ਵਾਰ ਫਿਰ ਇਲਜ਼ਾਮ ਲਾਏ ਹਨ ਕਿ ਬਾਦਲ ਪਰਿਵਾਰ ਵੱਲੋਂ ਹਾਈਕੋਰਟ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਆਪਣੀਆਂ ਪ੍ਰਾਈਵੇਟ ਬੱਸਾਂ ਦਾ ਟਾਈਮ ਵਧਾ ਦਿੱਤਾ ਗਿਆ ਹੈ, ਜਦਕਿ ਸਰਕਾਰੀ ਬੱਸਾਂ ਦਾ ਟਾਈਮ ਘਟਾਇਆ ਗਿਆ ਹੈ।
ਪੰਜਾਬ ਰੋਜਵੇਜ਼ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਮੰਗਤ ਖਾਨ ਨੇ ਕਿਹਾ ਕਿ ਜੂਨ ਵਿੱਚ ਬਾਦਲ ਪਰਿਵਾਰ ਨੇ ਹੁਸ਼ਿਆਰਪੁਰ ਵਿੱਚ ਰਾਜਧਾਨੀ ਤੇ ਆਜ਼ਾਦ ਟਰਾਂਸਪੋਰਟ ਖਰੀਦੀ ਸੀ। ਇਨ੍ਹਾਂ ਕੰਪਨੀਆਂ ਨੂੰ ਫਾਇਦਾ ਦੇਣ ਲਈ ਜੁਲਾਈ ਦੇ ਪਹਿਲੇ ਹਫਤੇ ਹੀ ਪ੍ਰਾਈਵੇਟ ਬੱਸਾਂ ਦੇ ਰੂਟ ਵਧਾ ਦਿੱਤੇ ਗਏ। ਸਰਕਾਰੀ ਬੱਸਾਂ ਦਾ ਟਾਈਮ ਘੱਟ ਕਰ ਦਿੱਤਾ ਗਿਆ ਤੇ ਪ੍ਰਾਈਵੇਟ ਬੱਸਾਂ ਦਾ ਟਾਈਮ 7 ਤੋਂ 13 ਮਿੰਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 24 ਜੁਲਾਈ, 2015 ਨੂੰ ਫੈਸਲਾ ਦਿੰਦੇ ਹੋਏ ਸਰਕਾਰੀ ਰੂਟ ਪ੍ਰਾਈਵੇਟ ਬੱਸਾਂ ਨੂੰ ਦੇਣ 'ਤੇ ਰੋਕ ਲਾ ਦਿੱਤੀ ਸੀ। ਇਸ ਦੇ ਬਾਵਜੂਦ ਵੀ ਸਰਕਾਰ ਨੇ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਕਰੋੜਾਂ ਦਾ ਮੁਨਾਫਾ ਹੋ ਰਿਹਾ ਹੈ, ਜਦਕਿ ਸਰਕਾਰੀ ਟਰਾਂਸਪੋਰਟ ਘਾਟੇ ਵਿੱਚ ਜਾ ਰਿਹਾ ਹੈ।
ਪੰਜਾਬ ਵਿੱਚ ਧਾਰਮਿਕ ਯਾਤਰਾਂ 'ਤੇ ਸਰਕਾਰੀ ਬੱਸਾਂ ਨੂੰ ਭੇਜਣ ਦਾ ਵੀ ਪ੍ਰਾਈਵੇਟ ਰੋਡਵੇਜ਼ ਨੂੰ ਫਾਇਦਾ ਹੋ ਰਿਹਾ ਹੈ ਕਿਉਂਕਿ ਜੋ ਬੱਸਾਂ ਯਾਤਰਾਂ 'ਤੇ ਜਾਂਦੀਆਂ ਹਨ, ਉਨ੍ਹਾਂ ਦੀ ਥਾਂ 'ਤੇ ਵੀ ਸਿਰਫ ਪ੍ਰਾਈਵੇਟ ਬੱਸਾਂ ਨੂੰ ਹੀ ਚਲਾਇਆ ਜਾ ਰਿਹਾ ਹੈ।