ਜਲੰਧਰ: ਪੁਲਿਸ ਨੇ ਅਮਰੀਕੀਆਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਗਿਰੋਹ ਦਾ ਭੰਡਾਫੋੜ ਕਰਨ ਦਾ ਦਾਅਵਾ ਕੀਤਾ ਹੈ। ਇਸ ਗੁਰੋਹ ਦੇ ਮੈਂਬਰ ਭਾਰਤ ਬੈਠੇ ਹੀ ਇੰਟਰਨੈੱਟ ਰਾਹੀਂ ਅਮਰੀਕਾ ਰਹਿੰਦੇ ਲੋਕਾਂ ਨੂੰ ਕਰੋੜਾਂ ਦੀ ਚਪਤ ਲਗਾ ਚੁੱਕੇ ਹਨ। ਫਿਲਹਾਲ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਇਸ ਗਿਰੋਹ ਦਾ ਸਰਗਨਾ 22 ਸਾਲਾ ਬਲਜੀਤ ਹੈ। ਬਲਜੀਤ ਖੁਦ ਵੀ 14 ਸਾਲ ਦੀ ਉਮਰ 'ਚ ਆਪਣੇ ਤਾਏ ਨੂੰ ਪਿਤਾ ਦੱਸ ਫਰਜੀ ਪਾਸਪੋਰਟ ਨਾਲ ਦੁਬਈ ਗਿਆ ਸੀ। ਦੁਬਈ ਤੋਂ ਉਹ ਅਮਰੀਕਾ ਜਾ ਪਹੁੰਚਾ। ਉੱਥੇ ਪੱਕੇ ਹੋਣ ਲਈ ਇੱਕ ਅਮਰੀਕਨ ਕੁੜੀ ਨਾਲ ਵਿਆਹ ਕਰਵਾਇਆ। ਹਾਲਾੰਕਿ ਕੁੱਝ ਸਮੇਂ ਬਾਅਦ ਤਲਾਕ ਵੀ ਹੋ ਗਿਆ। ਇਸ ਤੋਂ ਬਾਅਦ ਉਹ ਵਾਪਸ ਆਪਣੇ ਜਲੰਧਰ ਦੇ ਪਿੰਡ ਕੋਟਲਾ ਹੇਰਾਂ ਆ ਗਿਆ। ਇੱਥੋਂ ਉਹ ਆਪਣੇ ਇੱਕ ਅਮਰੀਕੀ ਨਾਈਜੀਰੀਅਨ ਦੋਸਤ ਓਮੂਲੂ ਦੇ ਸੰਪਰਕ 'ਚ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਦਿੱਲੀ ਦੇ ਇੱਕ ਦੋਸਤ ਅੰਕਿਤ ਪੁਰੀ ਨੂੰ ਵੀ ਗਿਰੋਹ 'ਚ ਸ਼ਾਮਲ ਕੀਤਾ ਤੇ ਸ਼ੁਰੂ ਕਰ ਦਿੱਤਾ ਠੱਗੀ ਦਾ ਕਾਰੋਬਾਰ।
ਬਲਜੀਤ ਦਾ ਗਿਰੋਹ ਆਪਣੇ ਨਾਈਜੀਰੀਅਨ ਸਾਥੀ ਦੀ ਮਦਦ ਨਾਲ ਅਮਰੀਕੀ ਲੋਕਾਂ ਦੇ ਕਰੈਡਿਟ ਕਾਰਡ ਹੈਕ ਕਰ ਲੈਂਦਾ ਸੀ। ਇਸ ਕਾਰਡ ਤੋਂ ਹੀ ਉਹ ਵੈਸਟਰਨ ਯੂਨੀਅਨ ਰਾਹੀਂ ਭਾਰਤ 'ਚ ਪੈਸੇ ਟਰਾਂਸਫਰ ਕਰ ਲੈਂਦੇ। ਇੱਥੇ ਫਰਜੀ ਆਈਡੀ ਬਣਾ ਕੇ ਪੈਸੇ ਕਢਵਾ ਲੈਂਦੇ ਸਨ। ਪਰ ਇੱਕ ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਨ ਲਈ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਆਖਰ ਸਬੂਤ ਹਾਸਲ ਹੋਣ 'ਤੇ ਪੁਲਿਸ ਨੇ ਬਲਜੀਤ ਤੇ ਉਸ ਦੇ ਸਾਥੀਆਂ ਅੰਮ੍ਰਿਤਪਾਲ ਸਿੰਘ ਤੇ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਫਿਲਾਹਲ ਪੁਲਿਸ ਨੇ ਅਦਾਲਤ ਤੋਂ ਇਹਨਾਂ ਦਾ 4 ਦਿਨਾਂ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਕਈ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।