ਬਠਿੰਡਾ: ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਇੱਕ ਭਿਆਨਕ ਸੜਕ ਹਾਦਸੇ 'ਚ ਵਾਲ ਵਾਲ ਬਚੇ ਹਨ। ਘਟਨਾ ਬੀਤੀ ਰਾਤ ਲੁਧਿਆਣਾ-ਤਲਵੰਡੀ ਰੋਡ 'ਤੇ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੀ ਹੈ। ਹਾਦਸਾ ਉਨ੍ਹਾਂ ਦੀ ਮਰਸਡੀਜ਼ ਤੇ ਇੱਕ ਸਕਾਰਪੀਓ ਦੀ ਟੱਕਰ ਕਾਰਨ ਵਾਪਰਿਆ। ਇਸ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ। ਗਣੀਮਤ ਇਹ ਰਹੀ ਕਿ ਜਥੇਦਾਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਸੱਟ ਨਹੀਂ ਲੱਗੀ।

 

daduwal surat singh 1


ਜਾਣਕਾਰੀ ਮੁਤਾਬਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸੂਰਤ ਸਿੰਘ ਖਾਲਸਾ ਤੇ ਜੋਗਾ ਸਿੰਘ ਖਾਲਿਸਤਾਨੀ ਦਾ ਹਾਲਚਾਲ ਜਾਣ ਕੇ ਵਾਪਸ ਪਰਤ ਰਹੇ ਸਨ। ਜਦ ਉਹ ਰਾਤ ਦੇ ਕਰੀਬ 10 ਵਜੇ ਮਾਨਸਾ ਵਾਲੀ ਸੜਕ ਤੋਂ ਪਿੰਡ ਜਗਾ ਰਾਮਤੀਰਥ ਕੋਲੋਂ ਰੋੜੀ ਤਲਵੰਡੀ ਸਾਬੋ ਰੋਡ 'ਤੇ ਚੜਦੇ ਸਮੇਂ ਇਹ ਹਾਦਸਾ ਵਾਪਰਿਆ। ਦਰਅਸਲ ਜਦ ਜਥੇਦਾਰ ਦਾਦੂਵਾਲ ਦੀ ਗੱਡੀ ਲਿੰਕ ਰੋਡ ਤੋਂ ਤਲਵੰਡੀ ਰੋਡ 'ਤੇ ਚੜਣ ਲੱਗੀ ਤਾਂ ਰੋੜੀ ਵਾਲੇ ਪਾਸੇ ਤੋਂ ਇਕਦਮ ਬੜੀ ਤੇਜ਼ੀ ਨਾਲ ਵੱਡਾ ਟਰਾਲਾ ਆ ਗਿਆ, ਉਸ ਤੋਂ ਬਚਾਉਦਿਆਂ ਜਥੇਦਾਰ ਜੀ ਦੀ ਮਰਸਡੀਜ਼ ਕਾਰ ਸਕਾਰਪਿਉ ਗੱਡੀ ਨਾਲ ਬੁਰੀ ਤਰਾਂ ਟਕਰਾ ਗਈ।



 

ਹਾਦਸੇ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ। ਹਾਲਾਂਕਿ ਭਿਆਨਕ ਹਾਦਸੇ ਦੇ ਬਾਵਜੂਦ ਜਥੇਦਾਰ ਸਮੇਤ ਉਨ੍ਹਾਂ ਦੇ ਕਿਸੇ ਵੀ ਸਮਰਥਕ ਨੂੰ ਸੱਟ ਨਹੀਂ ਲੱਗੀ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਜਥੇਦਾਦ ਬਲਜੀਤ ਸਿੰਘ ਦਾਦੂਵਾਲ ਆਪਣੇ ਪਿੰਡ ਦਾਦੂਵਾਲ ਵੱਲ੍ਹ ਜਾ ਰਹੇ ਸਨ।