ਲੰਡਨ: ਪਹਿਲੀ ਵਿਸ਼ਵ ਜੰਗ ’ਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀਆਂ ਨਾਲ ਸਬੰਧਤ ਡਾਟਾ ਹੁਣ ਵੈੱਬਸਾਈਟ 'ਤੇ ਮਿਲ ਸਕੇਗਾ। ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਨੇ www.empirefaithwar.com ਵੈੱਬਸਾਈਟ ਤਿਆਰ ਕੀਤੀ ਹੈ। ਇਸ ਵੈੱਬਸਾਈਟ ਦਾ ਮਕਸਦ ਸਿੱਖ ਫੌਜੀਆਂ ਨਾਲ ਸਬੰਧਤ ਵੱਡਾ ਡੇਟਾਬੇਸ ਤਿਆਰ ਕਰਨਾ ਹੈ। ਦਰਅਸਲ ਕਰੀਬ 15 ਲੱਖ ਭਾਰਤੀਆਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਬਹਾਦਰੀ ਦੇ ਜ਼ੌਹਰ ਦਿਖਾਏ ਸਨ। ਵੈੱਬਸਾਈਟ ’ਚ ਸਾਬਕਾ ਫ਼ੌਜੀਆਂ ਦੀ ਇਤਿਹਾਸਕਾਰ ਅਤੇ ਲੇਖਕ ਚਾਰਲਸ ਐਲਨ ਵੱਲੋਂ 30 ਸਾਲ ਪਹਿਲਾਂ ਰਿਕਾਰਡ ਕੀਤੀਆਂ ਗਈਆਂ ਆਡੀਓ ਇੰਟਰਵਿਊਜ਼ ਵੀ ਸ਼ਾਮਲ ਹਨ।

 

 

ਭਾਰਤੀ ਫੌਜੀਆਂ ਨੇ ਫਲੈਡਰਜ਼ ਫੀਲਡਜ਼ ਤੋਂ ਲੈ ਕੇ ਮੈਸੋਪੋਟਾਮੀਆ ਦੇ ਤੇਲ ਵਾਲੇ ਇਲਾਕਿਆਂ, ਜੋ ਹੁਣ ਇਰਾਕ ਵਜੋਂ ਜਾਣਿਆ ਜਾਂਦਾ ਹੈ, ’ਚ ਜੰਗ ਦੌਰਾਨ ਬਹਾਦਰੀ ਦਿਖਾਈ ਸੀ। ‘ਸੋਲਜਰ ਮੈਪ’ ’ਚ ਕਰੀਬ ਅੱਠ ਹਜ਼ਾਰ ਸਿੱਖ ਫ਼ੌਜੀਆਂ ਦੇ ਰਿਕਾਰਡ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰਿਕਾਰਡ ਨੂੰ ਠੋਸ ਰੂਪ ਦੇਣ ਅਤੇ ਹੋਰ ਗੁਆਚੇ ਜਾਣ ਵਾਲੇ ਅਹਿਮ ਵਿਰਸੇ ਨੂੰ ਸੰਭਾਲਣ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਕਿਹਾ ਕਿ ਜੰਗ ਬਾਰੇ ਸਿੱਖਾਂ ਦੇ ਤਜਰਬੇ ਦਾ ਡੇਟਾਬੇਸ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਕੁਰਬਾਨੀ ਅਤੇ ਮੁਸੀਬਤਾਂ ਨੂੰ ਕਦੇ ਵੀ ਭੁਲਾਇਆ ਨਾ ਜਾ ਸਕੇ।

 

 

ਬ੍ਰਿਟਿਸ਼ ਰਾਜ ਸਮੇਂ ਸਿੱਖਾਂ ਦੀ ਆਬਾਦੀ ਭਾਵੇਂ ਦੋ ਫ਼ੀਸਦੀ ਤੋਂ ਵੀ ਘੱਟ ਸੀ ਪਰ ਜੰਗ ਵੇਲੇ ਬ੍ਰਿਟਿਸ਼ ਭਾਰਤੀ ਫ਼ੌਜ ’ਚ ਸਿੱਖ 20 ਫ਼ੀਸਦੀ ਤੋਂ ਵੱਧ ਸਨ। ਇਨ੍ਹਾਂ ਸਿੱਖ ਫ਼ੌਜੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪੱਛਮੀ ਮੋਰਚੇ ’ਤੇ ਸ਼ੁਰੂਆਤੀ ਮਹੀਨਿਆਂ ’ਚ ਅਹਿਮ ਭੂਮਿਕਾ ਨਿਭਾਈ ਅਤੇ ਭਾਈਵਾਲ ਮੁਲਕਾਂ ਨੂੰ ਫ਼ੌਰੀ ਹਾਰ ਤੋਂ ਬਚਾਉਣ ’ਚ ਸਹਾਇਤਾ ਕੀਤੀ। ਪਹਿਲੀ ਵਿਸ਼ਵ ਜੰਗ ਦੇ ਸਿੱਖਾਂ ਦੀ ਕਹਾਣੀ ਨੂੰ ਅਸਲ ਦਸਤਾਵੇਜ਼ਾਂ, ਪ੍ਰਕਾਸ਼ਿਤ ਨਾ ਹੋਈਆਂ ਤਸਵੀਰਾਂ, ਅਖ਼ਬਾਰਾਂ, ਖਤਾਂ, ਕਲਾਕ੍ਰਿਤਾਂ, ਵਰਦੀਆਂ, ਬਹਾਦਰੀ ਮੈਡਲਾਂ ਦੀ ਦੋ ਸਾਲ ਪਹਿਲਾਂ ਲੰਡਨ ’ਚ ਨੁਮਾਇਸ਼ ਲਾਈ ਗਈ ਸੀ।