ਜਲਾਲਾਬਾਦ: ਇੱਕ ਵਿਦਿਆਰਥਣ ਇੱਕਤਰਫਾ ਇਸ਼ਕ ਦਾ ਸ਼ਿਕਾਰ ਹੋਈ ਹੈ। ਸਿਰਫਿਰੇ ਆਸ਼ਕ ਨੇ ਸਾਥੀ ਸਮੇਤ ਕੁੜੀ 'ਤੇ ਤੇਜ਼ਾਬ ਸੁੱਟ ਦਿੱਤਾ ਹੈ। ਖਬਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਹੈ। ਇਸ ਤੇਜ਼ਾਬੀ ਹਮਲੇ 'ਚ ਕੁੜੀ ਬੁਰੀ ਤਰਾਂ ਝੁਲਸ ਗਈ ਹੈ। ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਪੀੜਤ ਦੇ ਬਿਆਨ ਦੇ ਅਧਾਰ 'ਤੇ ਤੇਜ਼ਾਬ ਸੁੱਟਣ ਵਾਲੇ 2 ਲੜਕਿਆਂ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਹੈ।

 

 

 

ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਡੀਏਵੀ ਕਾਲਜ ਦੀ ਬੀਏ-1 ਦੀ 19 ਸਾਲਾ ਵਿਦਿਆਰਥਣ ਅੱਜ ਸ਼ਾਮ ਟਿਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ। ਰਾਸਤੇ ਉਸ ਨੂੰ 2 ਬਾਈਕ ਸਵਾਰ ਮੁੰਡਿਆਂ ਨੇ ਘੇਰਿਆ ਤੇ ਅਚਾਨਕ ਹਮਲਾ ਕਰਦਿਆਂ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ 'ਚ ਕੁੜੀ ਦਾ ਸਿਰ, ਕੰਨ ਤੇ ਪਿੱਠ ਬੁਰੀ ਤਰਾਂ ਝੁਲਸੇ ਗਏ ਹਨ। ਪੀੜਤ ਕੁੜੀ ਦੇ ਪਰਿਵਾਰ ਮੁਤਾਬਕ ਵਿੱਕੀ ਨਾਮ ਦਾ ਲੜਕਾ ਕਈ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਉਸ ਦੇ ਘਰ ਸ਼ਿਕਾਇਤ ਵੀ ਕੀਤੀ ਸੀ। ਪਰ ਉਹ ਲਗਾਤਾਰ ਕੁੜੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਅੱਜ ਵਿੱਕੀ ਨੇ ਹੀ ਆਪਣੇ ਇੱਕ ਸਾਥੀ ਸਮੇਤ ਕੁੜੀ' ਤੇ ਤੇਜ਼ਾਬ ਸੁੱਟਿਆ ਹੈ।

 

 

 

ਪੁਲਿਸ ਨੇ ਘਟਨਾ ਦੀ ਸ਼ਿਕਾਇਤ ਮਿਲਦਿਆਂ ਹੀ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਥੇੜੀ ਦੇਰ ਬਾਅਦ ਹੀ ਮੁਲਜ਼ਮ ਵਿੱਕੀ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਵਿੱਕੀ ਸੁਨਿਆਰੇ ਦਾ ਕੰਮ ਕਰਦਾ ਹੈ। ਉਸ ਦਾ ਦੂਸਰਾ ਸਾਥੀ ਸਾਗਰ ਹੈ। ਸਾਗਰ ਉਸ ਦੀ ਦੁਕਾਨ 'ਤੇ ਹੀ ਮੁਲਾਜ਼ਮ ਹੈ।