ਮੁਕਤਸਰ: ਜਿਲ੍ਹੇ ਦੇ ਪਿੰਡ ਅਟਾਰੀ 'ਚ ਕੁਝ ਦਿਨ ਪਹਿਲਾਂ ਅਗਵਾ ਹੋਏ 6 ਸਾਲਾ ਬੱਚੇ ਦੀ ਲਾਸ਼ ਬਰਾਮਦ ਹੋ ਗਈ ਹੈ। ਮ੍ਰਿਤਕ ਬੱਚੇ ਨੂੰ ਅਗਵਾ ਤੇ ਕਤਲ ਕਰਨ ਦਾ ਇਲਜ਼ਾਮ ਕਿਸੇ ਹੋਰ 'ਤੇ ਨਹੀਂ ਸਗੋਂ ਬੱਚੇ ਦੇ ਤਾਏ 'ਤੇ ਹੀ ਲੱਗਾ ਹੈ। ਇਸ ਵਾਰਦਾਤ ਦੇ ਪਿੱਛੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਤਾਏ 'ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।

 
ਜਾਣਕਾਰੀ ਮੁਤਾਬਕ ਅਟਾਰੀ ਦੇ ਰਹਿਣ ਵਾਲੇ ਸਵਰਨ ਸਿੰਘ ਦੇ 6 ਸਾਲਾ ਪੁੱਤਰ ਲਖਵਿੰਦਰ ਸਿੰਘ ਗੋਪੀ ਨੂੰ ਕਰੀਬ 4 ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ। ਲਗਾਤਾਰ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਬੱਚੇ ਦੀ ਲਾਸ਼ ਨੇੜੇ ਦੀ ਨਹਿਰ 'ਚੋਂ ਬਰਾਮਦ ਕਰ ਲਈ ਗਈ। ਪੜਤਾਲ ਦੌਰਾਨ ਪਤਾ ਲੱਗਾ ਕਿ ਲਖਵਿੰਦਰ ਨੂੰ ਉਸ ਦੇ ਹੀ ਤਾਏ ਬਾਜ ਸਿੰਘ ਨੇ ਆਪਣੇ ਸਾਥੀਆਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ 2 ਹੋਰ ਸਾਥੀਆਂ ਸਮੇਤ ਘਰ ਤੋਂ ਅਗਵਾ ਕਰ ਕਤਲ ਕੀਤਾ ਹੈ।

 

 

ਪੁਲਿਸ ਮੁਤਾਬਕ ਬਾਜ ਸਿੰਘ ਦਾ ਆਪਣੇ ਭਰਾ ਸਵਰਨ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਸੇ ਦਾ ਬਦਲਾ ਲੈਣ ਲਈ ਉਸ ਨੇ ਸਾਥੀਆਂ ਸਮੇਤ ਆਪਣੇ ਭਤੀਜੇ ਨੂੰ ਅਗਵਾ ਕਰ ਕਤਲ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਅਗਵਾ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹਨ।