ਚੰਡੀਗੜ੍ਹ: ਸਸਤੇ ਹੀਰੇ ਦਵਾਉਣ ਦੇ ਨਾਮ 'ਤੇ 19 ਕਰੋੜ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਯੂਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਇਹ ਮੁਲਜ਼ਮ ਕਰੀਬ 1 ਸਾਲ ਤੋਂ ਭਗੌੜਾ ਸੀ। ਪੁਲਿਸ ਦੇ ਆਓਡਬਲਿਊ ਵਿੰਗ ਨੇ ਉਸ ਨੂੰ ਸਾਕਟਰ 3 ਨੋੜਿਓਂ ਗ੍ਰਿਫਤਾਰ ਕੀਤਾ ਹੈ। ਫਿਲਹਾਲ ਰਿਮਾਂਡ ਹਾਸਲ ਕਰ ਉਸ ਤੋਂ ਪੁੱਛਗਿੱਛ ਦੀ ਤਿਆਰੀ ਹੈ।

 

 

ਪੁਲਿਸ ਮੁਤਾਬਕ ਅਸ਼ੋਕ ਮਿੱਤਲ ਨੇ ਮੋਹਾਲੀ ਦੇ ਇੱਕ ਵਪਾਰੀ ਵਿਕਾਸ ਵਾਲੀਆ ਨਾਲ 19 ਕਰੋੜ ਦੀ ਠੱਗੀ ਮਾਰੀ ਸੀ। ਮਿੱਤਲ ਨੇ ਵਾਲੀਆ ਨੂੰ ਬੈਲਜ਼ੀਅਮ ਤੋਂ 25 ਫੀਸਦ ਸਸਤੇ ਹੀਰੇ ਦਿਵਾਉਣ ਦੇ ਨਾਮ 'ਤੇ ਆਪਣਾ ਸ਼ਿਕਾਰ ਬਣਾਇਆ ਸੀ। ਉਸ ਖਿਲਾਫ ਅਕਤੂਬਰ 2015 'ਚ ਮਾਮਲਾ ਦਰਜ ਕੀਤਾ ਗਿਆ ਸੀ। ਪਰ ਮਾਮਲਾ ਦਰਜ ਹੋਣ ਸਮੇਂ ਤੋਂ ਹੀ ਉਹ ਫਰਾਰ ਚੱਲ ਰਿਹਾ ਸੀ। ਹਾਲਾਂਕਿ ਮਾਮਲੇ 'ਚ ਨਾਮਜਦ ਉਸ ਦੀ ਪਤਨੀ ਚੇਤਨਾ ਮਿੱਤਲ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।

 

 

ਮਾਮਲਾ ਦਰਜ ਕੀਤੇ ਜਾਣ ਵੇਲੇ ਤੋਂ ਹੀ ਯੂਟੀ ਪੁਲਿਸ ਨੂੰ ਮਿੱਤਲ ਦੀ ਭਾਲ ਸੀ। ਪਰ ਉਹ ਕਾਬੂ ਨਹੀਂ ਆ ਰਿਹਾ ਸੀ। ਇਸ ਇੱਕ ਸਾਲ ਦੇ ਸਮੇਂ ਦੌਰਾਨ ਪੁਲਿਸ ਲਗਾਤਾਰ ਉਸ ਦੇ ਸੰਪਰਕ ਨੂੰ ਲੈ ਕੇ ਨਜ਼ਰ ਰੱਖ ਰਹੀ ਸੀ। ਕੱਲ੍ਹ ਪੁਲਿਸ ਨੂੰ ਉਸ ਦੇ ਸੈਕਟਰ 3 'ਚ ਹੋਣ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਹਰਕਤ 'ਚ ਆਉਂਦਿਆਂ ਪੁਲਿਸ ਨੇ ਅਸ਼ੋਕ ਨੂੰ ਦਬੋਚ ਲਿਆ।