ਚੰਡੀਗੜ੍ਹ: ਝਗੜੇ ਤੋਂ ਬਾਅਦ ਭੱਜਣ ਦੇ ਚੱਕਰ 'ਚ ਭੀੜ 'ਤੇ ਚੜਾਈ ਕਾਰ। ਹਾਦਸੇ 'ਚ ਇੱਕ ਹੌਲਦਾਰ ਸਮੇਤ 9 ਲੋਕ ਹੋਏ ਜਖਮੀ। ਘਟਨਾ ਸੈਕਟਰ 15 'ਚ ਦੇਰ ਰਾਤ ਵਾਪਰੀ ਹੈ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਕਾਰ ਸਵਾਰ ਲੜਕੇ ਫਰਾਰ ਹਨ। ਪੁਲਿਸ ਨੇ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੈਕਟਰ 15 ਦੀ ਮਾਰਕਿਟ 'ਚ ਦੁਕਾਨ 'ਤੇ ਲੋਕ ਖਾਣਾ ਖਾ ਰਹੇ ਸਨ। ਇਸੇ ਦੌਰਾਨ ਕੁੱਝ ਲੜਕੇ ਉਨ੍ਹਾਂ ਦੇ ਨੇੜੇ ਹੀ ਪਿਸ਼ਾਬ ਕਰਨ ਲੱਗੇ। ਰੋਕਣ ਤੇ ਵੀ ਲੜਕੇ ਨਾ ਮੰਨੇ ਤੇ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਾਫੀ ਲੋਕ ਇਕੱਠੇ ਹੋ ਗਏ। ਭੜਕੇ ਲੋਕਾਂ ਨੇ ਇਹਨਾਂ ਮੁੰਡਿਆਂ ਦਾ ਕੁਟਾਪਾ ਚੜਾ ਦਿੱਤਾ। ਕੁੱਟਮਾਰ ਤੋਂ ਬਾਅਦ ਇਹ ਲੜਕੇ ਮੌਕੇ ਤੋਂ ਫਰਾਰ ਹੋ ਗਏ। ਪਰ ਥੋੜੀ ਦੇਰ ਬਾਅਦ ਫਿਰ ਵਾਪਸ ਆਏ। ਉਦੋਂ ਤੱਕ ਮੌਕੇ 'ਤੇ ਹੋਰ ਵੀ ਜਿਆਦਾ ਭੀੜ ਇਕੱਠੀ ਹੋ ਚੁੱਕੀ ਸੀ।
ਇੱਥੇ ਲੋਕਾਂ ਦੀ ਭੀੜ ਨੂੰ ਦੇਖ ਕੇ ਮੁੰਡੇ ਫਿਰ ਤੋਂ ਭੱਜਣ ਲੱਗੇ ਤਾਂ ਇਸੇ ਦੌਰਾਨ ਉਨ੍ਹਾਂ ਤੇਜ਼ ਰਫਤਾਰ ਕਾਰ ਭੀੜ ਤੇ ਚੜਾ ਦਿੱਤੀ। ਇਸ ਹਾਦਸੇ 'ਚ ਇੱਕ ਹੌਲਦਾਰ ਸਮੇਤ 9 ਲੋਕ ਜਖਮੀ ਹੋ ਗਏ। ਕਾਰ ਸਵਾਰ ਨੌਜਵਾਨ ਤੁਰੰਤ ਮੌਕਾ ਤੋਂ ਫਰਾਰ ਹੋ ਗਏ। ਹਾਲਾਂਕਿ ਲੋਕਾਂ ਨੇ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਤੁਰੰਤ ਮੌਕੇ 'ਤੇ ਪੁਲਿਸ ਪਹੁੰਚੀ। ਪੁਲਿਸ ਨੇ ਮਾਮਲਾ ਦਰਜ ਕਰ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।